ਮੌਤ ਖਿੱਚ ਲਿਆਈ ਪਿੰਡ, ਭਾਜਪਾ ਆਗੂ ਦੇ ਪੁੱਤਰ ਦੀ ਕਾਰ ਹਾਦਸੇ 'ਚ ਮੌਤ
Tuesday, Jul 07, 2020 - 05:46 PM (IST)
ਹਿਸਾਰ (ਵਾਰਤਾ)— ਹਰਿਆਣਾ 'ਚ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਚੰਦੋਕਲਾਂ ਨੇੜੇ ਸੋਮਵਾਰ ਰਾਤ ਇਕ ਕਾਰ ਬੇਕਾਬੂ ਹੋ ਕੇ ਖੇਤਾਂ ਵਿਚ ਪਲਟਣ ਨਾਲ ਰਤੀਆ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਬਲਵੇਦ ਗ੍ਰੋਹਾ ਦੇ ਪੁੱਤਰ ਪ੍ਰਹਲਾਦ ਸਿੰਘ ਦੀ ਮੌਤ ਹੋ ਗਈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਤੀਆ ਵਾਸੀ 30 ਸਾਲਾ ਪ੍ਰਹਲਾਦ ਪੰਜਾਬ ਪੁਲਸ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਸੀ। ਉਸ ਦੇ ਪਿਤਾ ਬਲਦੇਵ ਗ੍ਰੋਹਾ ਰਤੀਆ ਤੋਂ ਭਾਜਪਾ ਦੇ ਸੀਨੀਅਰ ਆਗੂ ਵੀ ਹਨ।
ਪ੍ਰਹਲਾਦ ਦੋ ਦਿਨ ਪਹਿਲਾਂ ਹੀ ਰਤੀਆ ਆਏ ਹੋਏ ਸਨ। ਕੱਲ ਦੇਰ ਰਾਤ ਉਹ ਪਿੰਡ ਤੋਂ ਨਿਕਲੇ। ਪ੍ਰਹਲਾਦ ਸਿੰਘ ਇਕੱਲਾ ਹੀ ਗਿਆ ਸੀ। ਚੰਦੋਕਲਾਂ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖੇਤਾਂ 'ਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਕਾਰ ਅੱਗੇ ਇਕ ਬੇਸਹਾਰਾ ਪਸ਼ੂ ਆ ਗਿਆ ਸੀ। ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਖੇਤਾਂ ਵਿਚ ਜਾ ਕੇ ਪਲਟ ਗਈ। ਰਾਤ ਦਾ ਸਮਾਂ ਹੋਣ ਕਰ ਕੇ ਅਤੇ ਪਿੰਡ ਦੂਰ ਹੋਣ ਕਾਰਨ ਕਰੀਬ ਅੱਧੇ ਘੰਟੇ ਤਕ ਪ੍ਰਹਲਾਦ ਨੂੰ ਕਿਸੇ ਨੇ ਨਹੀਂ ਦੇਖਿਆ।
ਬਾਅਦ ਵਿਚ ਸਥਾਨਕ ਲੋਕਾਂ ਤੋਂ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ। ਜ਼ਖਮੀ ਪ੍ਰਹਲਾਦ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰ ਪ੍ਰਲਹਾਦ ਨੂੰ ਮ੍ਰਿਤਕ ਐਲਾਨ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਦੇਰ ਰਾਤ ਹਸਪਤਾਲ ਪੁੱਜੇ। ਮ੍ਰਿਤਕ ਪ੍ਰਹਲਾਦ ਦੇ ਘਰ ਮਾਤਮ ਪਸਰ ਗਿਆ ਹੈ।