'ਜੋ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, 4 ਘੰਟਿਆਂ 'ਚ ਨਹੀਂ ਰਹੇਗਾ ਸਲਾਮਤ': ਮਨੋਜ ਸਿਨ੍ਹਾ

04/19/2019 6:25:37 PM

ਗਾਜੀਪੁਰ: ਲੋਕ ਸਭਾ ਚੋਣਾਂ 'ਚ ਨੇਤਾਵਾਂ ਦੀ ਬੇਕਾਬੂ ਬਿਆਨਬਾਜ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਇਸ ਕੇਂਦਰੀ ਮੰਤਰੀ ਮਨੋਜ ਸਿਨ੍ਹਾਂ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਕਿਸੇ ਭਾਜਪਾ ਵਰਕਰ ਵੱਲ ਉਂਗਲੀ ਚੁੱਕੇਗਾ, ਉਸ ਨੂੰ ਸਿਰਫ 'ਚਾਰ ਘੰਟਿਆਂ' 'ਚ ਇਸ ਦੀ ਕੀਮਤ ਚੁਕਾਉਣੀ ਪਵੇਗੀ। ਰਿਪੋਰਟ ਮੁਤਾਬਕ ਗਾਜੀਪੁਰ ਸੀਟ ਤੋਂ ਮੁੜ ਚੋਣਾਂ ਲੜ ਰਹੇ ਸਿਨ੍ਹਾ ਨੇ 18 ਅਪ੍ਰੈਲ ਭਾਵ ਵੀਰਵਾਰ ਸ਼ਾਮ ਜ਼ਿਲ੍ਹਾ ਦਫ਼ਤਰ ਤੋਂ ਕਰੀਬ 40 ਕਿ.ਮੀ. ਦੂਰ ਸੈਦਪੁਰ ਇਲਾਕੇ 'ਚ ਕਿਸਾਨ ਪੰਚਾਇਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਮਨੋਜ ਸਿਨ੍ਹਾ ਨੇ ਕਿਹਾ ਕਿ ਪੂਰਵਾਂਚਲ ਦਾ ਕੋਈ ਅਪਰਾਧੀ ਗਾਜੀਪੁਰ 'ਚ ਨਹੀਂ ਵੜ ਸਕਦਾ ਤੇ ਨਾ ਹੀ ਭਾਜਪਾ ਵਰਕਰਾਂ ਨੂੰ ਟੇਢੀ ਨਿਗ੍ਹਾ ਨਾਲ ਵੇਖ ਸਕਦਾ ਹੈ। ਜੇ ਕਿਸੇ ਨੇ ਅਜਿਹਾ ਕਰਨ ਦੀ ਹਿਮੰਤ ਕੀਤੀ ਤਾਂ ਉਸ ਦੀਆਂ ਅੱਖਾਂ ਵੀ ਨਹੀਂ ਰਹਿਣਗੀਆਂ। ਕੇਂਦਰੀ ਮੰਤਰੀ ਵੱਲੋਂ ਦਿੱਤਾ ਧਮਕੀ ਭਰਿਆ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕੇਂਦਰੀ ਮੰਤਰੀ ਮਨੋਜ ਸਿਨ੍ਹਾ ਮਾਫੀਆ ਤੋਂ ਲੀਡਰ ਬਣੇ ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਖਿਲਾਫ ਚੋਣ ਲੜ ਰਹੇ ਹਨ।


Iqbalkaur

Content Editor

Related News