ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ
Thursday, Oct 05, 2023 - 05:35 PM (IST)

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਕਟਰਾ ਸੀਟ ਤੋਂ ਭਾਜਪਾ ਵਿਧਾਇਕ ਵੀਰ ਵਿਕਰਮ ਸਿੰਘ ਦੇ ਪ੍ਰਤੀਨਿਧੀ ਨੇ ਠੇਕੇਦਾਰ ਦੇ ਕਮਿਸ਼ਨ ਨਹੀਂ ਦੇਣ 'ਤੇ ਉਸ ਵਲੋਂ ਬਣਵਾਈ ਗਈ ਸੜਕ ਅੱਧਾ ਕਿਲੋਮੀਟਰ ਤੱਕ ਪੁਟਵਾ ਦਿੱਤੀ ਪਰ ਇਸ ਘਟਨਾ 'ਤੇ ਸਖ਼ਤ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੋਸ਼ੀਆਂ ਤੋਂ ਹੀ ਨੁਕਸਾਨ ਦੀ ਭਰਪਾਈ ਯਕੀਨੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਨੇ ਇਸ ਮਾਮਲੇ 'ਚ ਮੁੱਖ ਦੋਸ਼ੀ ਸਮੇਤ 20 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਸੁਪਰਡੈਂਟ (ਐੱਸ.ਪੀ.) ਅਸ਼ੋਕ ਕੁਮਾਰ ਮੀਣਾ ਨੇ ਦਰਜ ਕਰਵਾਈ ਗਈ ਰਿਪੋਰਟ ਦੇ ਹਵਾਲੇ ਤੋਂ ਵੀਰਵਾਰ ਨੂੰ ਦੱਸਿਆ ਕਿ ਜੈਤੀਪੁਰ ਥਾਣਾ ਖੇਤਰ 'ਚ ਜੈਤੀਪੁਰ ਤੋਂ ਨਵਾਦਾ ਹੁੰਦੇ ਹੋਏ ਬਦਾਊਂ ਜ਼ਿਲ੍ਹੇ ਤੱਕ ਜਾਣ ਵਾਲੇ ਰਾਜਮਾਰਗ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਹ ਕੰਮ ਕਰਵਾ ਰਹੀ ਸੰਸਥਾ ਦੇ ਪ੍ਰਬੰਧਕ ਰਮੇਸ਼ ਸਿੰਘ ਨੇ ਪਿਛਲੀ 3 ਅਕਤੂਬਰ ਨੂੰ ਆਪਣੇ 10-15 ਸਾਥੀਆਂ ਨਾਲ ਸੜਕ ਬਣਾ ਰਹੇ ਕਰਮਚਾਰੀਆਂ ਨੂੰ ਲਾਠੀ-ਡੰਡਿਆਂ ਨਾਲ ਕੁੱਟਿਆ ਅਤੇ ਜੇ.ਸੀ.ਬੀ. ਚਲਾ ਕੇ ਬਣੀ ਹੋਈ ਸੜਕ ਨੂੰ ਅੱਧਾ ਕਿਲੋਮੀਟਰ ਤੱਕ ਉਖਾੜ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪਿਛਲੀ ਤਿੰਨ ਅਕਤੂਬਰ ਦੀ ਰਾਤ ਦੋਸ਼ੀ ਜਗਦੀਸ਼ ਸਮੇਤ 20 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਕਈ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੜਕ ਪੁਟਣ ਦੇ ਦੋਸ਼ੀਆਂ ਤੋਂ ਹੀ ਉਸ ਦੀ ਭਰਪਾਈ ਯਕੀਨੀ ਕਰਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਕਟਰਾ ਖੇਤਰ ਤੋਂ ਵਿਧਾਇਕ ਵੀਰ ਵਿਕਰਮ ਸਿੰਘ ਨੇ ਇਸ ਮਾਮਲੇ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਹੈ ਕਿ ਜਗਵੀਰ ਸਿੰਘ ਉਨ੍ਹਾਂ ਦਾ ਪ੍ਰਤੀਨਿਧੀ ਨਹੀਂ ਹੈ। ਉਹ ਭਾਜਪਾ ਦਾ ਵਰਕਰ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸੜਕ ਨਿਰਮਾਣ ਕਰਵਾ ਰਹੀ ਸੰਸਥਾ ਦੇ ਪ੍ਰਬੰਧਕ ਰਮੇਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਜਗਵੀਰ ਸਿੰਘ ਖ਼ੁਦ ਨੂੰ ਵਿਧਾਇਕ ਦਾ ਪ੍ਰਤੀਨਿਧੀ ਦੱਸਦਾ ਹੈ ਅਤੇ ਉਸ ਨੇ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਆ ਕੇ ਕਰਮਚਾਰੀਆਂ ਨੂੰ ਡਰਾ ਕੇ 5 ਫ਼ੀਸਦੀ ਕਮਿਸ਼ਨ ਦੇਣ ਦੀ ਮੰਗ ਕੀਤੀ ਸੀ। ਕਮਿਸ਼ਨ ਨਹੀਂ ਦੇਣ 'ਤੇ ਉਸ ਨੇ ਕੰਪਨੀ ਵਲੋਂ ਬਣਵਾਈ ਗਈ ਸੜਕ ਨੂੰ ਅੱਧਾ ਕਿਲੋਮੀਟਰ ਤੱਕ ਪੁਟਵਾ ਦਿੱਤਾ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8