‘ਅਗਨੀਪਥ’ ਰਾਹੀਂ ’ਹਥਿਆਰਬੰਦ’ ਕੇਡਰ ਆਧਾਰ ਬਣਾ ਰਹੀ ਹੈ ਭਾਜਪਾ : ਮਮਤਾ

Tuesday, Jun 21, 2022 - 10:55 AM (IST)

‘ਅਗਨੀਪਥ’ ਰਾਹੀਂ ’ਹਥਿਆਰਬੰਦ’ ਕੇਡਰ ਆਧਾਰ ਬਣਾ ਰਹੀ ਹੈ ਭਾਜਪਾ : ਮਮਤਾ

ਕੋਲਕਾਤਾ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਫੌਜ ’ਚ ਭਰਤੀ ਦੀ ਨਵੀਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੋਮਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨਵੀਂ ਰੱਖਿਆ ਭਰਤੀ ਰਾਹੀਂ ਆਪਣਾ ‘ਹਥਿਆਰਬੰਦ’ ਕੇਡਰ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਯੋਜਨਾ ਨੂੰ ਹਥਿਆਰਬੰਦ ਬਲਾਂ ਦਾ ਅਪਮਾਨ ਕਰਾਰ ਦਿੰਦੇ ਹੋਏ ਬੈਨਰਜੀ ਨੇ ਇਹ ਵੀ ਹੈਰਾਨੀ ਪ੍ਰਗਟ ਕੀਤੀ ਕਿ ਕੀ ਭਾਜਪਾ ਦੀ ਯੋਜਨਾ 4 ਸਾਲ ਦੀ ਸੇਵਾ ਮਿਆਦ ਤੋਂ ਬਾਅਦ ਇਨ੍ਹਾਂ ‘ਅਗਨੀਵੀਰ’ ਫੌਜੀਆਂ ਨੂੰ ਆਪਣੇ ਪਾਰਟੀ ਦਫਤਰਾਂ ’ਚ ‘ਚੌਕੀਦਾਰ’ ਵਜੋਂ ਤਾਇਨਾਤ ਕਰਨ ਦੀ ਹੈ।

ਤ੍ਰਿਣਮੂਲ ਕਾਂਗਰਸ ਦੇ ਮੁਖੀ ਨੇ ਵਿਧਾਨ ਸਭਾ ’ਚ ਕਿਹਾ, ‘‘ਭਾਜਪਾ ਇਸ ਯੋਜਨਾ ਤਹਿਤ ਆਪਣਾ ਹਥਿਆਰਬੰਦ ਕੇਡਰ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ 4 ਸਾਲ ਬਾਅਦ ਕੀ ਕਰਨਗੇ? ਪਾਰਟੀ ਨੌਜਵਾਨਾਂ ਦੇ ਹੱਥਾਂ ’ਚ ਹਥਿਆਰ ਦੇਣਾ ਚਾਹੁੰਦੀ ਹੈ।’’ ਬੈਨਰਜੀ ਨੇ ਕਿਹਾ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ‘ਅਗਨੀਪਥ’ ਵਰਗੀਆਂ ਯੋਜਨਾਵਾਂ ਰਾਹੀਂ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ, ‘ਉਨ੍ਹਾਂ ਨੇ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਇਨ੍ਹਾਂ ਯੋਜਨਾਵਾਂ ਰਾਹੀਂ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਇਸ ਤੋਂ ਬਾਅਦ ਬੈਨਰਜੀ ਦੀ ਇਸ ਟਿੱਪਣੀ ਦਾ ਵਿਰੋਧ ਕਰਦੇ ਹੋਏ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ’ਚੋਂ ਵਾਕਆਊਟ ਕਰ ਦਿੱਤਾ।


author

Rakesh

Content Editor

Related News