ਭਾਜਪਾ ‘ਸੱਤਾ ਜਹਾਦ’ ’ਚ ਸ਼ਾਮਲ, ਸ਼ਾਹ ਹੈ ਅਬਦਾਲੀ ਦੇ ਸਿਆਸੀ ਖਾਨਦਾਨ ’ਚੋਂ : ਊਧਵ ਠਾਕਰੇ
Sunday, Aug 04, 2024 - 10:00 AM (IST)
ਪੁਣੇ- ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਭਾਰਤੀ ਜਨਤਾ ਪਾਰਟੀ ’ਤੇ ਆਪਣੀ ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਨੂੰ ਤੋੜ ਕੇ ‘ਸੱਤਾ ਜਹਾਦ’ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਵਲੋਂ ਠਾਕਰੇ ’ਤੇ ‘ਔਰੰਗਜ਼ੇਬ ਫੈਨ ਕਲੱਬ’ ਦਾ ਮੁਖੀ ਹੋਣ ਦੇ ਲਾਏ ਦੋਸ਼ਾਂ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਊਧਵ ਨੇ ਸ਼ਾਹ ’ਤੇ ਪਾਣੀਪਤ ਦੀ ਲੜਾਈ ਵਿਚ ਮਰਾਠਿਆਂ ਨੂੰ ਹਰਾਉਣ ਵਾਲੇ ਅਫਗਾਨ ਹੁਕਮਰਾਨ ਅਹਿਮਦ ਸ਼ਾਹ ਅਬਦਾਲੀ ਦੇ ‘ਸਿਆਸੀ ਖਾਨਦਾਨ’ ’ਚੋਂ ਹੋਣ ਦਾ ਦੋਸ਼ ਲਾਇਆ। ਠਾਕਰੇ ਨੇ ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਵਿਚਾਲੇ ਫੁੱਟ ਦਾ ਹਵਾਲਾ ਦਿੱਤਾ ਤੇ ਭਾਜਪਾ ’ਤੇ ਪਾਰਟੀਆਂ ਨੂੰ ਤੋੜਨ ਦਾ ਦੋਸ਼ ਲਾਇਆ।
ਪੁਣੇ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਠਾਕਰੇ ਨੇ ਕਿਹਾ ਕਿ ਜੇ ਮੁਸਲਮਾਨ ਸਾਡੇ ਨਾਲ ਹਨ ਅਤੇ ਅਸੀਂ ਉਨ੍ਹਾਂ ਨੂੰ ਆਪਣਾ ਹਿੰਦੂਤਵ ਸਮਝਾਉਂਦੇ ਹਾਂ ਤਾਂ ਅਸੀਂ ਭਾਜਪਾ ਮੁਤਾਬਕ ਔਰੰਗਜ਼ੇਬ ਦੇ ਫੈਨ ਕਲੱਬ ’ਚੋਂ ਹਾਂ। ਜੋ ਭਾਜਪਾ ਵਾਲੇ ਕਰ ਰਹੇ ਹਨ, ਉਹ ਸੱਤਾ ਦਾ ਜਹਾਦ ਹੈ। ਉਨ੍ਹਾਂ ‘ਮੁੱਖ ਮੰਤਰੀ ਮਾਝੀ ਲੜਕੀ ਬਹਿਨ’ ਯੋਜਨਾ ਨੂੰ ਲੈ ਕੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਇਸ ਨੂੰ ਵੋਟਰਾਂ ਨੂੰ ਰਿਓੜੀਆਂ ਰੂਪੀ ਰਿਸ਼ਵਤ ਦੇਣ ਦਾ ਦੋਸ਼ ਲਾਇਆ।