PM ਮੋਦੀ ਖ਼ਿਲਾਫ਼ ਬਿਆਨ ਦੇ ਕੇ ਕਸੂਤੇ ਘਿਰੇ ਖੜਗੇ, ਚੋਣ ਕਮਿਸ਼ਨ ਕੋਲ ਪੁੱਜੀ ਭਾਜਪਾ, FIR ਦੀ ਕੀਤੀ ਮੰਗ

Friday, Apr 28, 2023 - 05:16 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੇ ਇਕ ਵਫ਼ਦ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਜ਼ਹਿਰੀਲੇ ਸੱਪ' ਨਾਲ ਕੀਤੇ ਜਾਣ ਦੇ ਮਾਮਲੇ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਅਤੇ ਕਰਨਾਟਕ 'ਚ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਭੂਪਿੰਦਰ ਯਾਦਵ ਦੀ ਅਗਵਾਈ 'ਚ ਚੋਣ ਕਮਿਸ਼ਨ ਗਏ ਭਾਜਪਾ ਨੇਤਾਵਾਂ ਦੇ ਇਸ ਵਫ਼ਦ 'ਚ ਪਾਰਟੀ ਜਨਰਲ ਸਕੱਤਰ ਤਰੁਣ ਚੁਘ, ਸੰਸਦ ਮੈਂਬਰ ਅਨਿਲ ਬਲੂਨੀ ਅਤੇ ਪਾਰਟੀ ਨੇਤਾ ਓਮ ਪਾਠਕ ਸ਼ਾਮਲ ਸਨ। ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਯਾਦਵ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਜ਼ੁਬਾਨ ਫਿਸਲਣ ਕਾਰਨ ਖੜਗੇ ਦੀ ਇਹ ਟਿੱਪਣੀ ਸਾਹਮਣੇ ਆਈ ਹੈ ਸਗੋਂ ਇਹ ਕਾਂਗਰਸ ਦੀ ਨਫ਼ਰਤ ਦੀ ਰਾਜਨੀਤੀ ਦਾ ਹਿੱਸਾ ਹੈ।

PunjabKesari

ਯਾਦਵ ਨੇ ਕਿਹਾ ਕਿ ਕਾਂਗਰਸ ਦਾ ਮੋਦੀ 'ਤੇ ਨਿੱਜੀ ਹਮਲਾ ਕਰਨ ਦਾ ਇਤਿਹਾਸ ਰਿਹਾ ਹੈ। ਭਾਜਪਾ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਕਿ ਖੜਗੇ ਆਦਤਨ ਅਪਰਾਧੀ ਹਨ। ਭਾਜਪਾ ਨੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 499 ਅਤੇ 500 ਦੇ ਅਧੀਨ ਖੜਗੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ, ਜੋ ਮਾਣਹਾਨੀ ਨਾਲ ਸੰਬੰਧਤ ਹੈ। ਪਾਰਟੀ ਨੇ ਧਾਰਾ 504 ਦੇ ਅਧੀਨ ਵੀ ਖੜਗੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਹ ਧਾਰਾ ਜਾਣ ਬੁੱਝ ਕੇ ਅਪਮਾਨ ਕਰਨ ਅਤੇ ਉਕਸਾਉਣ ਦੇ ਅਪਰਾਧ ਨਾਲ ਸੰਬੰਧਤ ਹੈ। ਕਰਨਾਟਕ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਜ਼ਹਿਰੀਲੇ ਸੱਪ ਨਾਲ ਕੀਤੀ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਨੇ ਬਾਅਦ 'ਚ ਸਪੱਸ਼ਟ ਕੀਕਤਾ ਕਿ ਉਨ੍ਹਾਂ ਦੀ ਟਿੱਪਣੀ ਪ੍ਰਧਾਨ ਮੰਤਰੀ ਖ਼ਿਲਾਫ਼ ਨਹੀਂ ਸਗੋਂ ਸੱਤਾਧਾਰੀ ਭਾਜਪਾ ਖ਼ਿਲਾਫ਼ ਹੈ। ਕਰਨਾਟਕ 'ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਣੀ ਹੈ।


DIsha

Content Editor

Related News