ਮਹਾਰਾਸ਼ਟਰ ’ਚ ਭਾਜਪਾ ਨੇ ਬਦਲੀ ਰਣਨੀਤੀ, 7 ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ

Monday, Apr 29, 2024 - 01:39 PM (IST)

ਮਹਾਰਾਸ਼ਟਰ ’ਚ ਭਾਜਪਾ ਨੇ ਬਦਲੀ ਰਣਨੀਤੀ, 7 ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ

ਨੈਸ਼ਨਲ ਡੈਸਕ- ਸਿਆਸੀ ਤੌਰ ’ਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸੂਬੇ ਮਹਾਰਾਸ਼ਟਰ ’ਚ ਭਾਜਪਾ ਨੇ ਆਪਣੀ ਰਣਨੀਤੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਭਾਜਪਾ ਨੇ ਸੂਬੇ ’ਚ ਆਪਣੇ 7 ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਕੇ ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਮੁੰਬਈ ’ਚ ਆਪਣੇ ਤਿੰਨ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ। ਭਾਜਪਾ ਨੇ ਸ਼ਨੀਵਾਰ ਨੂੰ ਪੂਨਮ ਮਹਾਜਨ ਦੀ ਟਿਕਟ ਰੱਦ ਕਰ ਕੇ ਉੱਤਰ-ਕੇਂਦਰੀ ਮੁੰਬਈ ਤੋਂ ਸੀਨੀਅਰ ਵਕੀਲ ਉੱਜਵਲ ਨਿਕਮ ਨੂੰ ਉਮੀਦਵਾਰ ਐਲਾਨ ਦਿੱਤਾ। ਪੂਨਮ ਮਹਾਜਨ ਇਥੋਂ ਦੀ ਮੌਜੂਦਾ ਸੰਸਦ ਮੈਂਬਰ ਹਨ ਪਰ ਉਨ੍ਹਾਂ ਨੂੰ ਬਾਹਰ ਕਰ ਕੇ ਉੱਜਵਲ ਨਿਕਮ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਹੈ। ਪੂਨਮ ਮਹਾਜਨ ਭਾਜਪਾ ਦੇ ਸੀਨੀਅਰ ਨੇਤਾ ਰਹੇ ਮਰਹੂਮ ਪ੍ਰਮੋਦ ਮਹਾਜਨ ਦੀ ਧੀ ਹੈ।

2019 ’ਚ ਉੱਤਰੀ ਮੁੰਬਈ ਸੀਟ ਤੋਂ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਗੋਪਾਲ ਸ਼ੈੱਟੀ ਦੀ ਥਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਮੌਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮੁੰਬਈ ਉੱਤਰ-ਪੂਰਬੀ ਸੀਟ ਤੋਂ ਮਨੋਜ ਕੋਟਕ ਦੀ ਥਾਂ ਮਿਹਿਰ ਕੋਟੇਚਾ ਨੂੰ ਪਾਰਟੀ ਨੇ ਟਿਕਟ ਦੇ ਦਿੱਤੀ। ਮੁੰਬਈ ਤੋਂ ਇਲਾਵਾ ਭਾਜਪਾ ਨੇ ਸੋਲਾਪੁਰ, ਬੀਡ, ਅਕੋਲਾ ਅਤੇ ਜਲਗਾਓਂ ਤੋਂ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰ ਕੇ ਦੂਜੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ।

ਬੀਡ ਤੋਂ ਪ੍ਰੀਤਮ ਮੁੰਡੇ ਦੀ ਥਾਂ ਪੰਕਜਾ ਮੁੰਡੇ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਕੋਲਾ ’ਚ ਸੰਜੇ ਧੋਤਰੇ ਦੀ ਜਗ੍ਹਾ ਉਨ੍ਹਾਂ ਦੇ ਬੇਟੇ ਅਨੂਪ ਧੋਤਰੇ ਨੂੰ ਮੌਕਾ ਮਿਲਿਆ ਹੈ। ਸੋਲਾਪੁਰ ਤੋਂ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਹਰਾਉਣ ਵਾਲੇ ਜੈਸਿੱਧੇਸ਼ਵਰ ਸਵਾਮੀ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ’ਤੇ ਪਾਰਟੀ ਨੇ ਵਿਧਾਇਕ ਰਾਮ ਸਾਤਪੁਤੇ ਨੂੰ ਉਮੀਦਵਾਰ ਬਣਾਇਆ ਹੈ। 2019 ’ਚ ਪਾਰਟੀ ਦੇ 23 ਉਮੀਦਵਾਰ ਲੋਕ ਸਭਾ ਚੋਣਾਂ ਜਿੱਤੇ ਸਨ। ਉਸ ਸਮੇਂ ਸ਼ਿਵ ਸੈਨਾ ਅਤੇ ਭਾਜਪਾ ਨੇ ਮਿਲ ਕੇ ਚੋਣਾਂ ਲੜੀਆਂ ਸਨ ਪਰ ਇਸ ਵਾਰ ਭਾਜਪਾ ਬੇਹੱਦ ਫੂਕ-ਫੂਕ ਕੇ ਕਦਮ ਵਧਾ ਰਹੀ ਹੈ।

ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਅਤੇ ਕਾਂਗਰਸ-ਸ਼ਿਵ ਸੈਨਾ (ਊਧਵ ਧੜਾ) ਦੀ ਅਗਵਾਈ ਵਾਲੀ ਮਹਾਵਿਕਾਸ ਅਗਾੜੀ ਵਿਚਾਲੇ ਸਿੱਧਾ ਮੁਕਾਬਲਾ ਹੈ। 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਚੋਣਾਂ ਬਿਲਕੁਲ ਹੀ ਨਵੇਂ ਹਾਲਾਤ ’ਚ ਹੋ ਰਹੀਆਂ ਹਨ। ਇਥੇ ਦੋਵੇਂ ਪ੍ਰਮੁੱਖ ਖੇਤਰੀ ਪਾਰਟੀਆਂ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੋਫਾੜ ਹੋ ਚੁੱਕੀਆਂ ਹਨ। ਦੋਵਾਂ ਦੇ ਪ੍ਰਮੁੱਖ ਧੜੇ ਇਸ ਵੇਲੇ ਭਾਜਪਾ ਦੇ ਨਾਲ ਹਨ ਅਤੇ ਸੂਬਾ ਸਰਕਾਰ ’ਚ ਭਾਈਵਾਲ ਹਨ। ਇਸ ਦੇ ਬਾਵਜੂਦ ਇਥੋਂ ਦੀਆਂ ਸੀਟਾਂ ’ਤੇ ਲੜਾਈ ਸੌਖੀ ਨਹੀਂ ਜਾਪਦੀ। ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ’ਚ ਭਾਜਪਾ 31 ਸ਼ਿਵ ਸੈਨਾ ਸ਼ਿੰਦੇ ਧੜਾ 13 ਅਤੇ ਐੱਨ. ਸੀ. ਪੀ. (ਅਜੀਤ ਪਵਾਰ ਧੜਾ) 4 ਸੀਟਾਂ ’ਤੇ ਚੋਣ ਲੜਨ ਵਾਲਾ ਹੈ, ਹਾਲਾਂਕਿ ਇਸ ਦਾ ਅਜੇ ਤੱਕ ਅਧਿਕਾਰਕ ਤੌਰ ’ਤੇ ਐਲਾਨ ਨਹੀਂ ਹੋਇਆ ਹੈ।


author

Rakesh

Content Editor

Related News