ਬਿਹਾਰ ਤੋਂ ਡਾ. ਸੰਜੈ ਅਤੇ ਰਾਜਸਥਾਨ ਤੋਂ ਸਤੀਸ਼ ਪੂਨੀਆ ਬਣੇ ਸੂਬਾ ਭਾਜਪਾ ਪ੍ਰਧਾਨ

09/14/2019 4:51:49 PM

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਭਾਵ ਸ਼ਨੀਵਾਰ ਨੂੰ 2 ਸੂਬਿਆਂ 'ਚ ਨਵੇਂ ਪ੍ਰਧਾਨ ਨਿਯੁਕਤ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਸਤੀਸ਼ ਪੂਨੀਆ ਨੂੰ ਰਾਜਸਥਾਨ ਅਤੇ ਡਾਕਟਰ ਸੰਜੈ ਜੈਸਵਾਲ ਨੂੰ ਬਿਹਾਰ ਦਾ ਭਾਜਪਾ ਪ੍ਰਧਾਨ ਨਿਯੁਕਤ ਕੀਤੇ ਗਏ। ਅਜੈ ਕੁਮਾਰ ਨੂੰ ਉਤਰਾਂਖੰਡ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਦਫਤਰ ਮੁਖੀ ਅਰੁਣ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਛਮੀ ਚੰਪਾਰਣ ਤੋਂ ਸੰਸਦ ਮੈਂਬਰ ਡਾਕਟਰ ਸੰਜੈ ਜੈਸਵਾਲ ਨੂੰ ਬਿਹਾਰ ਸੂਬਾ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਪੱਛਮੀ ਚੰਪਾਰਣ ਤੋਂ ਜਿੱਤ ਦਰਜ ਕਰਨ ਵਾਲੇ ਡਾਕਟਰ ਸੰਜੈ ਨੂੰ ਲੋਕ ਸਭਾ 'ਚ ਭਾਜਪਾ ਦਾ ਮੁੱਖ ਸੁਚੇਤਕ ਬਣਾਇਆ ਗਿਆ ਸੀ। 53 ਸਾਲਾ ਜੈਸਵਾਲ ਲਗਾਤਾਰ ਤੀਜੀ ਵਾਰ ਪੱਛਮੀ ਚੰਪਾਰਣ ਦੇ ਬੇਤੀਆ ਤੋਂ ਸੰਸਦ ਮੈਂਬਰ ਚੁਣੇ ਗਏ। 

ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਆਮੇਰ ਤੋਂ ਵਿਧਾਇਕ ਸਤੀਸ਼ ਪੂਨੀਆ ਨੂੰ ਰਾਜਸਥਾਨ ਭਾਜਪਾ ਸੂਬਾ ਪ੍ਰਧਾਨ ਨਿਯੁਕਤ ਕੀਤਾ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਸਥਾਨ 'ਚ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ 'ਤੇ ਮਦਨ ਲਾਲ ਸੈਣੀ ਦੀ ਮੌਤ ਤੋਂ ਬਾਅਦ ਲਗਭਗ 3 ਮਹੀਨਿਆਂ ਤੋਂ ਇਹ ਅਹੁਦਾ ਖਾਲੀ ਸੀ। ਪੂਨੀਆ ਮੂਲ ਰੂਪ ਤੋਂ ਰਾਜਗੜ੍ਹ (ਚੁਰੂ) ਦੇ ਹਨ ਅਤੇ ਆਮੇਰ (ਜੈਪੁਰ) ਤੋਂ ਵਿਧਾਇਕ ਹਨ। 

ਜ਼ਿਕਰਯੋਗ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ 'ਚ ਦੂਜੀ ਵਾਰ ਸਰਕਾਰ ਬਣਾਉਣ 'ਤੇ ਉੱਤਰ ਪ੍ਰਦੇਸ਼ , ਮਹਾਰਾਸ਼ਟਰ ਅਤੇ ਬਿਹਾਰ ਦੇ ਭਾਜਪਾ ਪ੍ਰਧਾਨ ਵੀ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਗਏ ਸੀ। ਰਾਜਸਥਾਨ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੈਨੀ ਦੇ ਦਿਹਾਂਤ ਤੋਂ ਬਾਅਦ ਖਾਲੀ ਸੀ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਸੂਬਾ ਪ੍ਰਧਾਨ ਪਹਿਲਾਂ ਹੀ ਨਿਯੁਕਤ ਕੀਤੇ ਜਾ ਚੁੱਕੇ ਹਨ।


Iqbalkaur

Content Editor

Related News