ਓਡਿਸ਼ਾ ’ਚ ਬੀਜਦ ਨਾਲ ਗੱਠਜੋੜ ਨਹੀਂ, ਸਾਰੀਆਂ ਸੀਟਾਂ ’ਤੇ ਇਕੱਲੀ ਲੜੇਗੀ ਭਾਜਪਾ
Saturday, Mar 23, 2024 - 12:54 PM (IST)
ਨਵੀਂ ਦਿੱਲੀ, (ਭਾਸ਼ਾ)- ਓਡਿਸ਼ਾ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਜ ਵਿਚ ਸੱਤਾਧਾਰੀ ਬੀਜੂ ਜਨਤਾ ਦਲ (ਬੀ. ਜੇ. ਡੀ.) ਦਰਮਿਆਨ ਗੱਠਜੋੜ ਦੀਆਂ ਸੰਭਾਵਨਾਵਾਂ ਸ਼ੁੱਕਰਵਾਰ ਨੂੰ ਉਸ ਸਮੇਂ ਲੱਗਭਗ ਖਤਮ ਹੋ ਗਈਆਂ ਜਦੋਂ ਕੇਂਦਰ ਵਿਚ ਸੱਤਾਧਾਰੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ’ਤੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ।
ਭਾਜਪਾ ਦੀ ਓਡਿਸ਼ਾ ਇਕਾਈ ਦੇ ਪ੍ਰਧਾਨ ਮਨਮੋਹਨ ਸਮਾਲ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ 4.5 ਕਰੋੜ ਓਡਿਸ਼ਾ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਕਸਿਤ ਭਾਰਤ ਅਤੇ ਵਿਕਸਿਤ ਓਡਿਸ਼ਾ ਬਣਾਉਣ ਲਈ ਸਾਰੀਆਂ 21 ਲੋਕ ਸਭਾ ਅਤੇ ਸਾਰੀਆਂ 147 ਵਿਧਾਨ ਸਭਾ ਸੀਟਾਂ ’ਤੇ ਇਕੱਲੀ ਚੋਣ ਲੜੇਗੀ।
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਜਿੱਥੇ ਵੀ ‘ਡਬਲ ਇੰਜਣ’ ਵਾਲੀ ਸਰਕਾਰ ਰਹੀ ਹੈ, ਉੱਥੇ ਵਿਕਾਸ ਅਤੇ ਗਰੀਬਾਂ ਦੀ ਭਲਾਈ ਦੇ ਕੰਮਾਂ ਵਿਚ ਤੇਜ਼ੀ ਆਈ ਹੈ ਅਤੇ ਸੂਬਿਆਂ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਜ਼ਮੀਨ ਤੱਕ ਨਹੀਂ ਪਹੁੰਚ ਰਹੀਆਂ ਹਨ, ਜਿਸ ਕਾਰਨ ਓਡਿਸ਼ਾ ਦੇ ਗਰੀਬ ਭੈਣ-ਭਰਾਵਾਂ ਨੂੰ ਉਨ੍ਹਾਂ ਦਾ ਲਾਭ ਨਹੀਂ ਮਿਲ ਰਿਹਾ।