ਲੋਕਤੰਤਰ ''ਤੇ ਹਮਲਾ ਕਰ ਰਹੇ ਹਨ ਭਾਜਪਾ ਅਤੇ RSS : ਰਾਹੁਲ ਗਾਂਧੀ

Monday, Apr 17, 2023 - 04:39 PM (IST)

ਲੋਕਤੰਤਰ ''ਤੇ ਹਮਲਾ ਕਰ ਰਹੇ ਹਨ ਭਾਜਪਾ ਅਤੇ RSS : ਰਾਹੁਲ ਗਾਂਧੀ

ਕਰਨਾਟਕ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈ-ਸੇਵਕ ਸੰਘ ਦੇਸ਼ 'ਚ ਨਫ਼ਰਤ ਅਤੇ ਹਿੰਸਾ ਫੈਲ ਰਹੇ ਹਨ ਅਤੇ ਲੋਕਤੰਤਰ 'ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਨੇ ਇੱਥੇ ਇਕ ਚੋਣ ਸਭਾ 'ਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਭਰਪੂਰ ਸਮਰਥਨ ਦੇਣ ਅਤੇ ਪਾਰਟੀ ਨੂੰ 150 ਸੀਟਾਂ ਜਿਤਾਉਣ। ਕਰਨਾਟਕ ਦੀਆਂ ਸਾਰੀਆਂ 224 ਸੀਟਾਂ ਲਈ 10 ਮਈ ਨੂੰ ਵੋਟਿਗ ਹੋਣੀ ਹੈ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਕਿਹਾ,''ਬੀਦਰ, ਬਾਸਵੰਨਾ (12ਵੀਂ ਸਦੀ ਦੇ ਸਮਾਜ ਸੁਧਾਰਕ) ਦੀ ਕਰਮਭੂਮੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਲੋਕਤੰਤਰ ਬਾਰੇ ਗੱਲ ਕੀਤੀ ਸੀ।'' ਰਾਹੁਲ ਨੇ ਦੋਸ਼ ਲਗਾਇਆ,''ਦੁਖ਼ ਦੀ ਗੱਲ ਹੈ ਕਿ ਅੱਜ ਪੂਰੇ ਹਿੰਦੁਸਤਾਨ 'ਚ ਆਰ.ਐੱਸ.ਐੱਸ. ਅਤੇ ਭਾਜਪਾ ਦੇ ਲੋਕ ਲੋਕਤੰਤਰ 'ਤੇ ਹਮਲਾ ਕਰ ਰਹੇ ਹਨ। ਆਰ.ਐੱਸ.ਐੱਸ. ਅਤੇ ਭਾਜਪਾ ਦੇ ਲੋਕ ਹਿੰਦੁਸਤਾਨ 'ਚ ਨਫ਼ਰਤ ਅਤੇ ਹਿੰਸਾ ਫੈਲਾ ਕੇ, ਬਸਵੰਨਾ ਜੀ ਦੀ ਸੋਚ 'ਤੇ ਹਮਲਾ ਕਰ ਰਹੇ ਹਨ।''

ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਜੋ ਚਾਰ ਵਾਅਦੇ ਕਾਂਗਰਸ ਨੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਮੋਦੀ ਜੀ ਨੇ 15 ਲੱਖ ਰੁਪਏ ਦਾ ਵਾਅਦਾ ਕੀਤਾ ਸੀ, 15 ਲੱਖ ਰੁਪਏ ਆਏ ਕੀ? ਇਸ ਲਈ ਸਾਨੂੰ ਭਾਜਪਾ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ। ਕਾਂਗਰਸ ਜੋ ਵੀ ਵਾਅਦਾ ਕਰੇਗੀ, ਉਨ੍ਹਾਂ ਨੂੰ ਸਰਕਾਰ ਬਣਦੇ ਹੀ ਜਲਦ ਤੋਂ ਜਲਦ ਪੂਰਾ ਕਰੇਗੀ।'' ਕਾਂਗਰਸ ਵਲੋਂ ਐਲਾਨ ਚੋਣ 'ਗਾਰੰਟੀ' 'ਚ ਕਿਹਾ ਗਿਆ ਹੈ ਕਿ 'ਗ੍ਰਹਿ ਜੋਤੀ' ਦੇ ਅਧੀਨ ਹਰ ਮਹੀਨੇ 200 ਯੂਨਿਟ ਮੁਫ਼ਤ ਬਿਜਲੀ, 'ਗ੍ਰਹਿ ਲਕਸ਼ਮੀ' ਯੋਜਨਾ ਦੇ ਅਧੀਨ ਪਰਿਵਾਰ ਦੀ ਹਰੇਕ ਮੁੱਖ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ, 'ਅੰਨ ਭਾਗਿਆ' ਦੇ ਅਧੀਨ ਬੀ.ਪੀ.ਐੱਸ. ਪਰਿਵਾਰ ਦੇ ਹਰੇਕ ਮੈਂਬਰ ਨੂੰ ਹਰ ਮਹੀਨੇ 10 ਕਿਲੋਗ੍ਰਾਮ ਚੌਲ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ 'ਯੁਵਾ ਨਿਧੀ' ਦੇ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 3000 ਰੁਪਏ ਅਤੇ ਡਿਪਲੋਮਾ ਧਾਰਕਾਂ ਨੂੰ 2 ਸਾਲ ਲਈ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।


author

DIsha

Content Editor

Related News