ਪ੍ਰਿਯੰਕਾ ਨੇ ਹਲਫਨਾਮੇ ’ਚ ਆਪਣੀ ਜਾਇਦਾਦ ਦਾ ਪੂਰਾ ਵੇਰਵਾ ਨਹੀਂ ਦਿੱਤਾ : ਭਾਜਪਾ
Saturday, Oct 26, 2024 - 10:38 PM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੀ ਆਗੂ ਪ੍ਰਿਯੰਕਾ ਗਾਂਧੀ ’ਤੇ ਵਾਇਨਾਡ ਲੋਕ ਸਭਾ ਸੀਟ ਤੋਂ ਉਪ ਚੋਣ ਲੜਨ ਸਮੇਂ ਦਾਖਲ ਕੀਤੇ ਹਲਫਨਾਮੇ ’ਚ ਆਪਣੀ ਅਤੇ ਆਪਣੇ ਪਤੀ ਰਾਬਰਟ ਵਢੇਰਾ ਦੀਆਂ ਜਾਇਦਾਦਾਂ ਦੀ ਪੂਰੀ ਜਾਣਕਾਰੀ ਨਾ ਦੇਣ ਦਾ ਦੋਸ਼ ਲਾਇਆ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਸੁਪਰੀਮ ਕੋਰਟ ਦੇ ਉਸ ਨਿਰਦੇਸ਼ ਦੀ ਉਲੰਘਣਾ ਕਰ ਰਹੀ ਹੈ, ਜਿਸ ਵਿਚ ਉਮੀਦਵਾਰਾਂ ਨੂੰ ਆਪਣੀ, ਆਪਣੇ ਜੀਵਨ ਸਾਥੀ ਅਤੇ ਆਸ਼ਰਿਤਾਂ ਦੀ ਜਾਇਦਾਦ ਦੇ ਪੂਰੇ ਵੇਰਵੇ ਦੇਣ ਲਈ ਕਿਹਾ ਗਿਆ ਸੀ।
ਭਾਟੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਸਾਰੇ ਨਾਗਰਿਕਾਂ ’ਤੇ ਲਾਗੂ ਹੁੰਦਾ ਹੈ। ਗਾਂਧੀ ਪਰਿਵਾਰ ਕਾਨੂੰਨ ਤੋਂ ਉੱਪਰ ਨਹੀਂ ਹੈ। ਜੇ ਕੋਈ ਹਲਫਨਾਮੇ ’ਚ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ।
ਗਾਂਧੀ ਪਰਿਵਾਰ ਵੱਲੋਂ ‘ਨੈਸ਼ਨਲ ਹੈਰਾਲਡ’ ਅਖਬਾਰ ਦੀ ਜਾਇਦਾਦ ਹੜੱਪਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਭਾਟੀਆ ਨੇ ਕਿਹਾ ਕਿ ਪ੍ਰਿਯੰਕਾ ਨੇ ਕਿਸੇ ਟਰੱਸਟ ਰਾਹੀਂ ‘ਐਸੋਸੀਏਟਿਡ ਜਰਨਲਜ਼’ ’ਚ ਆਪਣੇ ਸ਼ੇਅਰਾਂ ਦੀ ਮਾਲਕੀ ਬਾਰੇ ਹਲਫ਼ਨਾਮੇ ’ਚ ਕੋਈ ਜ਼ਿਕਰ ਨਹੀਂ ਕੀਤਾ। ਇਹ ਜ਼ਰੂਰੀ ਜਾਣਕਾਰੀ ਦਾ ਖੁਲਾਸਾ ਨਾ ਕਰਨ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਹਲਫ਼ਨਾਮੇ ’ਚ ਵਢੇਰਾ ਦੀਆਂ ਤਿੰਨ ਕੰਪਨੀਆਂ ਦਾ ਜ਼ਿਕਰ ਹੈ ਜਦਕਿ 2 ਹੋਰ ਕੰਪਨੀਆਂ ’ਚ ਉਨ੍ਹਾਂ ਦੀ ਹਿੱਸੇਦਾਰੀ ਛੱਡ ਦਿੱਤੀ ਗਈ ਹੈ। ਇਹ ਦੋਸ਼ ਪੱਕੇ ਦਸਤਾਵੇਜ਼ਾਂ ’ਤੇ ਆਧਾਰਿਤ ਹਨ।
ਉਨ੍ਹਾਂ ਪ੍ਰਿਯੰਕਾ ਨੂੰ ਦੋਸ਼ਾਂ ਦਾ ਜਵਾਬ ਦੇਣ ਤੇ ਇਸ ਮੁੱਦੇ ’ਤੇ ਲੋਕਾਂ ਨੂੰ ਆਪਣੇ ਸਟੈਂਡ ਤੋਂ ਜਾਣੂ ਕਰਵਾਉਣ ਲਈ ਕਿਹਾ। ਕਾਂਗਰਸ ਨੂੰ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ, ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਣੀ ਹੈ। ਇਸ ਕਾਰਨ ਭਾਜਪਾ ਕਾਂਗਰਸ ਦੀ ਜਨਰਲ ਸਕੱਤਰ ਦੇ ਹਲਫ਼ਨਾਮੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹ ਰਹੀ ਹੈ।