ਭਾਜਪਾ-‘ਆਪ’ ’ਚ ਟਕਰਾਅ ਵਧਿਆ

04/28/2022 10:20:51 AM

ਨਵੀਂ ਦਿੱਲੀ– ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਭਾਜਪਾ ਬੇਹੱਦ ਚੌਕਸ ਹੋ ਗਈ ਹੈ। ਉਹ ਨਹੀਂ ਚਾਹੁੰਦੀ ਕਿ ‘ਆਪ’ ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਕਾਂਗਰਸ ਦੇ ਬਦਲ ਦੇ ਰੂਪ ਵਿਚ ਉਭਰੇ। ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਪਹਿਲਾ ਝਟਕਾ ਉਦੋਂ ਦਿੱਤਾ ਜਦੋਂ ਉਸ ਦੀ ਹਿਮਾਚਲ ਇਕਾਈ ਦੇ ਪ੍ਰਮੁੱਖ ਹੋਰਨਾਂ ਅਹੁਦੇਦਾਰਾਂ ਦੇ ਨਾਲ ਅੱਧੀ ਰਾਤ ਨੂੰ ਤਖਤਾ ਪਲਟ ਕੇ ਭਾਜਪਾ ਵਿਚ ਸ਼ਾਮਲ ਹੋ ਗਏ।

ਮੰਨੋ ਇੰਨਾ ਹੀ ਕਾਫੀ ਨਹੀਂ ਸੀ, ਭਾਜਪਾ ਨੇ ‘ਆਪ’ ਦੀ ਹਿਮਾਚਲ ਪ੍ਰਦੇਸ਼ ਦੀ ਮਹਿਲਾ ਮੋਰਚਾ ਮੁਖੀ ਨੂੰ ਵੀ ਪਾਰਟੀ ਵਿਚ ਸ਼ਾਮਲ ਕਰ ਲਿਆ, ਜਿਸ ਤੋਂ ਬਾਅਦ ‘ਆਪ’ ਨੇ ਪੂਰੀ ਸੂਬਾ ਇਕਾਈ ਨੂੰ ਹੀ ਭੰਗ ਕਰ ਦਿੱਤਾ। ਹੁਣ ਨਵੇਂ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

ਅਜਿਹਾ ਹੀ ਕੁਝ ਆਪ ਵਰਕਰਾਂ ਅਤੇ ਨੇਤਾਵਾਂ ਦੇ ਨਾਲ ਗੁਜਰਾਤ ਵਿਚ ਕਰਨ ਦਾ ਯਤਨ ਹੈ ਜਿਥੇ ਕੇਜਰੀਵਾਲ ਕਾਂਗਰਸ ਦੇ ਬਦਲ ਦੇ ਰੂਪ ਵਿਚ ਉਭਰਨ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਰੋਡ ਸ਼ੋਅ ਕੱਢ ਰਹੇ ਹਨ। ਭਾਜਪਾ ਨੇ ਆਪ ਦੇ ਜ਼ਮੀਨੀ ਪੱਧਰ ਦੇ ਸਵੈਮ ਸੇਵਕਾਂ ਨੂੰ ਲੁਭਾਉਣ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਹ ਨਹੀਂ ਚਾਹੁੰਦੀ ਕਿ ‘ਆਪ’ ਅੱਗੇ ਵਧੇ। ਹਾਲ ਹੀ ਵਿਚ ਗੁਜਰਾਤ ਭਾਜਪਾ ਪ੍ਰਮੁੱਖ ਸੀ. ਆਰ. ਪਾਟਿਲ, ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਦਰਮਿਆਨ ਹੋਈ ਬੈਠਕ ਵਿਚ ਇਕ ਵਿਸ਼ੇਸ਼ ਰਣਨੀਤੀ ਬਣਾਈ ਗਈ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ‘ਆਪ’ ਆਪਣੇ ਪਾਰਟੀ ਆਧਾਰ ਦਾ ਵਿਸਤਾਰ ਕਰੇ। ਉਹ ਸਾਰੀਆਂ ਸੰਭਾਵਨਾਵਾਂ ਨੂੰ ਜੜ ਤੋਂ ਰੱਦ ਕਰਨਾ ਚਾਹੁੰਦੀ ਹੈ।

ਭਾਜਪਾ ਦਿੱਲੀ ਵਿਚ ਵੀ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਯੋਜਨਾ ਬਣਾ ਰਹੀ ਹੈ। 3 ਨਗਰ ਨਿਗਮਾਂ ਨੂੰ ਇਕ ਬਾਡੀ ਵਿਚ ਮਿਲਾਉਣ ਤੋਂ ਬਾਅਦ ਗ੍ਰਹਿ ਮੰਤਰਾਲਾ ਇਕ ਮੇਅਰ ਤਹਿਤ ਮੇਅਰ-ਇਨ-ਕਾਊਂਸਿਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਬਾਡੀ ਉਪ ਰਾਜਪਾਲ ਦੇ ਮਾਧਿਅਮ ਨਾਲ ਸਿੱਧੇ ਕੇਂਦਰ ਸਰਕਾਰ ਦੇ ਅਧੀਨ ਹੋਵੇਗੀ। ਇਸ ਕਾਊਂਸਿਲ ਨੂੰ ਮੁੱਖ ਮੰਤਰੀ ਤੋਂ ਵੱਧ ਸ਼ਕਤੀਆਂ ਪ੍ਰਾਪਤ ਹੋਣਗੀਆਂ।

ਦੂਜਾ ਕਦਮ ਦਿੱਲੀ ਵਿਧਾਨ ਸਭਾ ਨੂੰ ਖਤਮ ਕਰਨਾ ਅਤੇ ਮੈਟਰੋਪਾਲਿਟਨ ਕਾਊਂਸਿਲ ਦੀ ਪੁਰਾਣੀ ਵਿਵਸਥਾ ਨੂੰ ਵਾਪਸ ਲਿਆਉਣਾ ਹੋਵੇਗਾ।

ਵੀ. ਕੇ. ਮਲਹੋਤਰਾ 70 ਦੇ ਦਹਾਕੇ ਵਿਚ ਦਿੱਲੀ ਦੇ ਚੀਫ ਮੈਟਰੋਪਾਲਿਟਨ ਕਾਊਂਸਲਰ ਸਨ। ਕੇਂਦਰੀ ਗ੍ਰਹਿ ਮੰਤਰਾਲਾ ਮੈਟਰੋਪਾਲਿਟਨ ਕਾਊਂਸਿਲ ਨੂੰ ਮੁੜ ਜ਼ਿੰਦਾ ਕਰਨ ’ਤੇ ਵਿਚਾਰ ਕਰ ਰਿਹਾ ਹੈ। ਮੰਤਰਾਲਾ ਨੇ ਵਿਸ਼ਵ ਦੀਆਂ ਰਾਜਧਾਨੀਆਂ ਤੋਂ ਡਾਟਾ ਇਕੱਠਾ ਕੀਤਾ ਹੈ, ਜਿਸ ਵਿਚ ਦਿਖਾਇਆ ਗਿਆ ਹੈ ਕਿ ਦਿੱਲੀ ਨੂੰ ਛੱਡ ਕੇ ਕਿਤੇ ਵੀ ਵਿਧਾਨ ਸਭਾ ਨਹੀਂ ਹੈ। ਕੇਜਰੀਵਾਲ ਦੀਆਂ ਵਧਦੀਆਂ ਇੱਛਾਵਾਂ ਨੇ ਭਾਜਪਾ ਨੂੰ ਚੌਕਸ ਕਰ ਦਿੱਤਾ ਹੈ ਕਿਉਂਕਿ ‘ਆਪ’ ਕਾਂਗਰਸ ਦੇ ਬਦਲ ਦੇ ਰੂਪ ਵਿਚ ਉੱਭਰ ਰਹੀ ਹੈ।


Rakesh

Content Editor

Related News