ਭਾਜਪਾ ਦੀ ਨਜ਼ਰ ਮੋਦੀ ਦੀਆਂ ਯੋਜਨਾਵਾਂ ਦੇ ਲਾਭਪਾਤਰੀ 40 ਲੱਖ ਪਰਿਵਾਰਾਂ ’ਤੇ

05/09/2023 1:54:04 PM

ਨਵੀਂ ਦਿੱਲੀ- ਕਰਨਾਟਕ ਦੇ ਰੁਝੇਵਿਆਂ ਭਰੇ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ਵਿੱਚ, ਪੀ. ਐੱਮ. ਮੋਦੀ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨੂੰ ਲੁਭਾਉਣ ਲਈ ਖੁਦ ਪ੍ਰਧਾਨ ਮੰਤਰੀ ਅਤੇ ਹੋਰ ਚੋਟੀ ਦੇ ਨੇਤਾ ਬੁਨਿਆਦੀ ਗੱਲਾਂ ਚੁੱਕ ਰਹੇ ਹਨ।

ਇਨ੍ਹਾਂ ਲਾਭਪਾਤਰੀਆਂ ਦੇ ਡਾਟਾ ਬੈਂਕ ਅਨੁਸਾਰ ਕਰਨਾਟਕ ਵਿੱਚ ਕਰੀਬ 40 ਲੱਖ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਮਿਲਿਆ ਹੈ। ਇਨ੍ਹਾਂ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ, ਪਖਾਨੇ, ਬਿਜਲੀ, ਪਾਣੀ, ਰਸੋਈ ਗੈਸ, ਸਿਹਤ ਬੀਮਾ ਕਵਰ ਅਤੇ ਮੁਫਤ ਅਨਾਜ ਮਿਲਿਆ ਹੈ। ਇਹ ਲਾਭ ਸੂਬਾ ਸਰਕਾਰ ਵੱਲੋਂ ਆਪਣੀਆਂ ਸਕੀਮਾਂ ਤਹਿਤ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਇਲਾਵਾ ਹਨ।

ਸੂਚੀ ਮੁਤਾਬਕ ਪ੍ਰਧਾਨ ਮੰਤਰੀ ਆਵਾਸ ਤਹਿਤ 1 ਲੱਖ ਘਰ ਬਣੇ, ਪ੍ਰਧਾਨ ਮੰਤਰੀ ਅੰਨਾ ਯੋਜਨਾ ਤਹਿਤ 2.4 ਕਰੋੜ ਲੋਕਾਂ ਨੂੰ ਅਨਾਜ ਮਿਲਿਆ ਅਤੇ ਪ੍ਰਧਾਨ ਮੰਤਰੀ-ਕਿਸਾਨ ਤਹਿਤ 54 ਲੱਖ ਮਕਾਨ ਬਣਾਏ ਗਏ ਹਨ। ਉੱਜਵਲਾ ਯੋਜਨਾ ਤਹਿਤ 43 ਲੱਖ ਪਰਿਵਾਰਾਂ ਨੂੰ ਪਾਣੀ ਦੇ ਨਵੇਂ ਕੁਨੈਕਸ਼ਨ ਅਤੇ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਗਏ ਹਨ। ਗ੍ਰਾਮੀਣ ਰੋਜ਼ਗਾਰ ਵਿੱਚ ਮਦਦ ਕਰਨ ਲਈ ਮਨਰੇਗਾ ਵੀ ਮੌਜੂਦ ਹੈ।

ਭਾਜਪਾ ਦੇ ਡਾਟਾ ਬੈਂਕ ਕੋਲ ਇਨ੍ਹਾਂ 40 ਲੱਖ ਪਰਿਵਾਰਾਂ ਦੇ ਵੇਰਵੇ ਹਨ। ਪਾਰਟੀ ਨੇ ਆਪਣੇ ਅਧਿਕਾਰ ਖੇਤਰ ਵਿੱਚ ਹਰੇਕ ਨਾਲ ਸੰਪਰਕ ਕਰਨ ਲਈ ਇੱਕ ‘ਪੰਨਾ ਪ੍ਰਧਾਨ’ (ਪੰਨਾ ਇੰਚਾਰਜ) ਨਿਯੁਕਤ ਕੀਤਾ ਹੈ। ਭਾਜਪਾ ਨੇ ਹਰੇਕ ਪੰਨਾ ਪ੍ਰਧਾਨ ਅਧੀਨ 4 ਵਰਕਰਾਂ ਦੀ ਕਮੇਟੀ ਨਿਯੁਕਤ ਕੀਤੀ ਹੈ ਜੋ ਹਰੇਕ ਲਾਭਪਾਤਰੀ ਨਾਲ ਨਿੱਜੀ ਤੌਰ ’ਤੇ ਸੰਪਰਕ ਕਰੇਗੀ ਅਤੇ ਪਾਰਟੀ ਲਈ ਵੋਟਾਂ ਮੰਗੇਗੀ।

ਹਰ ਪੰਨੇ ’ਚ ਲਗਭਗ 40-45 ਵੋਟਰ ਹਨ। ਭਾਜਪਾ ਦਾ ਦਾਅਵਾ ਹੈ ਕਿ ਕਰਨਾਟਕ ਦੇ 5.21 ਕਰੋੜ ਵੋਟਰਾਂ ਵਿੱਚੋਂ ਕਰੀਬ ਇੱਕ ਕਰੋੜ ਨੂੰ ਕੇਂਦਰੀ ਫੰਡ ਵਾਲੀਆਂ ਸਕੀਮਾਂ ਦਾ ਸਿੱਧਾ ਲਾਭ ਹੋਇਆ ਹੈ।

ਭਾਜਪਾ ਲੀਡਰਸ਼ਿਪ 2018 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟੋ-ਘੱਟ 5 ਫੀਸਦੀ ਵਾਧੂ ਵੋਟਾਂ ਦੀ ਭਾਲ ਕਰ ਰਹੀ ਹੈ । ਜਦੋਂ ਉਸ ਨੇ 36.35 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ 224 ਵਿੱਚੋਂ 104 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ 38.14 ਫੀਸਦੀ ਵੋਟਾਂ ਮਿਲੀਆਂ ਸਨ ਪਰ ਉਹ ਸਿਰਫ਼ 80 ਸੀਟਾਂ ਹੀ ਹਾਸਲ ਕਰ ਸਕੀ ਸੀ।


Rakesh

Content Editor

Related News