ਆਂਧਰਾ ਪ੍ਰਦੇਸ਼ ਦੇ ਨਵੇਂ ਰਾਜਪਾਲ ਬਣੇ ਬਿਸਵਭੂਸ਼ਨ ਹਰਿਚੰਦਨ
Wednesday, Jul 24, 2019 - 04:26 PM (IST)

ਅਮਰਾਵਤੀ—ਬਿਸ਼ਵਭੂਸ਼ਣ ਹਰਿਚੰਦਨ ਨੇ ਅੱਜ ਭਾਵ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਨਵੇਂ ਰਾਜਪਾਲ ਦੇ ਰੂਪ 'ਚ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੀ. ਪ੍ਰਵੀਣ ਕੁਮਾਰ ਨੇ ਇੱਥੇ ਰਾਜ ਭਵਨ 'ਚ ਇੱਕ ਪ੍ਰੋਗਰਾਮ ਦੌਰਾਨ ਸ੍ਰੀ ਹਰਿਚੰਦਨ ਨੂੰ ਰਾਜਪਾਲ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ 'ਤੇ ਮੁੱਖ ਮੰਤਰੀ ਵਾਈ. ਐੱਸ. ਜਗਤ ਮੋਹਨ ਰੈੱਡੀ, ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਵਿਧਾਨ ਸਭਾ ਦੇ ਪ੍ਰਧਾਨ ਟੀ. ਸੀਤਾਰਾਮ, ਕੈਬਨਿਟ ਮੰਤਰੀ, ਮੁੱਖ ਸਕੱਤਰ ਐੱਲ. ਵੀ. ਸੁਬਰਾਮਣੀਅਮ ਅਤੇ ਡੀ. ਜੀ. ਪੀ. ਗੌਤਮ ਸਵਾਂਗ ਸਮੇਤ ਕਈ ਮਹਿਮਾਨ ਲੋਕ ਪਹੁੰਚੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈ. ਐੱਸ. ਐੱਲ. ਨਰਸਿਮ੍ਹਾਂ ਤੇਲੰਗਾਨਾ ਦੇ ਨਾਲ-ਨਾਲ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸੀ। ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਸ੍ਰੀ ਹਰਿਚੰਦਨ ਸੂਬੇ ਦੇ ਪਹਿਲੇ ਰਾਜਪਾਲ ਹਨ। ਸ਼ਹਿਰ ਦੇ ਮੁੱਖ ਖੇਤਰ 'ਚ ਸਥਿਤ ਮੁੱਖ ਮੰਤਰੀ ਕੈਂਪ ਦਫਤਰ ਨੂੰ ਰਾਜਭਵਨ 'ਚ ਤਬਦੀਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹਰਿਚੰਦਨ ਦਾ ਜਨਮ 3 ਅਗਸਤ 1934 ਹੋਇਆ ਸੀ ਅਤੇ ਉਨ੍ਹਾਂ ਨੇ ਅਰਥ ਸ਼ਾਸਤਰ ਵਿਸ਼ੇ 'ਚ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਸੀ। ਉਹ 1971 'ਚ ਭਾਰਤੀ ਜਨਸੰਘ 'ਚ ਸ਼ਾਮਲ ਹੋਏ ਸੀ। ਉਹ ਇੱਕ ਮਸ਼ਹੂਰ ਲੇਖਕ, ਵਕੀਲ ਅਤੇ ਵਿਦਵਾਨ ਹਨ।