ਕੇਰਲ ''ਚ ਬਰਡ ਫਲੂ ਦਾ ਕਹਿਰ: 20,000 ਤੋਂ ਵੱਧ ਪੰਛੀਆਂ ਨੂੰ ਮਾਰਨ ਦੇ ਹੁਕਮ

Friday, Mar 20, 2026 - 12:54 AM (IST)

ਕੇਰਲ ''ਚ ਬਰਡ ਫਲੂ ਦਾ ਕਹਿਰ: 20,000 ਤੋਂ ਵੱਧ ਪੰਛੀਆਂ ਨੂੰ ਮਾਰਨ ਦੇ ਹੁਕਮ

ਤਿਰੂਵਨੰਤਪੁਰਮ : ਕੇਰਲ ਦੇ ਦੋ ਵੱਡੇ ਜ਼ਿਲ੍ਹਿਆਂ, ਅਲਾਪੁਝਾ ਅਤੇ ਕੋਝੀਕੋਡ ਵਿੱਚ ਖ਼ਤਰਨਾਕ ਬਰਡ ਫਲੂ (H5N1) ਦੀ ਪੁਸ਼ਟੀ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ 20,000 ਤੋਂ ਵੱਧ ਘਰੇਲੂ ਪੰਛੀਆਂ ਨੂੰ ਮਾਰਨ (Culling) ਦੇ ਹੁਕਮ ਜਾਰੀ ਕੀਤੇ ਹਨ। ਵੀਰਵਾਰ ਨੂੰ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਰਿਪੋਰਟਾਂ ਅਨੁਸਾਰ, ਅਲਾਪੁਝਾ ਦੀ ਮੁਹੰਮਾ ਗ੍ਰਾਮ ਪੰਚਾਇਤ ਵਿੱਚ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ ਸੰਕ੍ਰਮਣ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ 5,961 ਘਰੇਲੂ ਪੰਛੀਆਂ (ਮੁਰਗੀਆਂ, ਬੱਤਖਾਂ ਆਦਿ) ਨੂੰ ਖ਼ਤਮ ਕੀਤਾ ਜਾਵੇਗਾ। ਦੂਜੇ ਪਾਸੇ, ਕੋਝੀਕੋਡ ਜ਼ਿਲ੍ਹੇ ਵਿੱਚ ਹਾਲਤ ਜ਼ਿਆਦਾ ਚਿੰਤਾਜਨਕ ਹੈ, ਜਿੱਥੇ ਓਲਾਵੰਨਾ, ਕੱਕੋਡੀ ਅਤੇ ਪੇਰੂਮੰਨਾ ਵਰਗੀਆਂ ਪੰਚਾਇਤਾਂ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ। ਇੱਥੇ ਇਕੱਲੇ 14,228 ਪੰਛੀਆਂ ਨੂੰ ਮਾਰਨਾ ਪਵੇਗਾ। ਇਹ ਸਫਾਈ ਮੁਹਿੰਮ 21 ਮਾਰਚ ਦੀ ਸਵੇਰ ਤੋਂ ਸ਼ੁਰੂ ਕੀਤੀ ਜਾਵੇਗੀ।

ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਪ੍ਰਭਾਵਿਤ ਇਲਾਕਿਆਂ ਵਿੱਚ ਅਗਲੇ ਹੁਕਮਾਂ ਤੱਕ ਮੁਰਗੀ, ਆਂਡੇ ਅਤੇ ਮਾਸ ਦੀ ਵਿਕਰੀ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੰਛੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਨਾ ਲੈ ਕੇ ਜਾਣ। ਭੋਪਾਲ ਦੀ ਲੈਬ (NIHSAD) ਨੇ ਪੁਸ਼ਟੀ ਕੀਤੀ ਹੈ ਕਿ ਇਹ ਉਹੀ ਖ਼ਤਰਨਾਕ ਵਾਇਰਸ ਹੈ ਜੋ ਪੰਛੀਆਂ ਦੀ ਜਾਨ ਲੈ ਰਿਹਾ ਹੈ, ਹਾਲਾਂਕਿ ਹਾਲੇ ਤੱਕ ਇਨਸਾਨਾਂ ਵਿੱਚ ਇਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਮਾਹਿਰਾਂ ਅਤੇ ਡਾਕਟਰਾਂ ਨੇ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਮਾਸ ਅਤੇ ਆਂਡਿਆਂ ਨੂੰ 70 ਡਿਗਰੀ ਸੈਲਸੀਅਸ 'ਤੇ ਘੱਟੋ-ਘੱਟ 3 ਤੋਂ 5 ਮਿੰਟ ਤੱਕ ਚੰਗੀ ਤਰ੍ਹਾਂ ਪਕਾ ਕੇ ਹੀ ਖਾਧਾ ਜਾਵੇ, ਕਿਉਂਕਿ ਇਸ ਨਾਲ ਵਾਇਰਸ ਮਰ ਜਾਂਦਾ ਹੈ। ਕੱਚਾ ਜਾਂ ਅੱਧਾ ਪਕਾਇਆ ਮਾਸ ਖਾਣਾ ਫਿਲਹਾਲ ਜੋਖਮ ਭਰਿਆ ਹੋ ਸਕਦਾ ਹੈ। ਜੇਕਰ ਕਿਤੇ ਵੀ ਪੰਛੀ ਮਰੇ ਹੋਏ ਮਿਲਣ, ਤਾਂ ਉਨ੍ਹਾਂ ਨੂੰ ਹੱਥ ਨਾ ਲਗਾਇਆ ਜਾਵੇ ਅਤੇ ਤੁਰੰਤ ਪਸ਼ੂ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਮਰੇ ਹੋਏ ਪੰਛੀਆਂ ਨੂੰ ਦਫਨਾਉਣ ਸਮੇਂ ਡੂੰਘਾ ਟੋਆ ਪੁੱਟ ਕੇ ਉਸ ਵਿੱਚ ਚੂਨਾ ਅਤੇ ਬਲੀਚਿੰਗ ਪਾਊਡਰ ਜ਼ਰੂਰ ਪਾਇਆ ਜਾਵੇ। ਕੋਝੀਕੋਡ ਵਿੱਚ ਲੋਕਾਂ ਦੀ ਸਹਾਇਤਾ ਲਈ ਇੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਬਿਮਾਰੀ ਨੂੰ ਗੁਆਂਢੀ ਰਾਜਾਂ ਤੱਕ ਫੈਲਣ ਤੋਂ ਰੋਕਿਆ ਜਾ ਸਕੇ।


author

Inder Prajapati

Content Editor

Related News