ਪਾਕਿਸਤਾਨ ''ਚ ਪੀਟੀਆਈ ਮਾਰਚ ਤੋਂ ਪਹਿਲਾਂ ਸਖ਼ਤੀ, ਹਸਪਤਾਲਾਂ ਨੂੰ ਬੈੱਡ ਖ਼ਾਲੀ ਕਰਨ ਦੇ ਹੁਕਮ

Tuesday, Sep 22, 2026 - 03:58 PM (IST)

ਪਾਕਿਸਤਾਨ ''ਚ ਪੀਟੀਆਈ ਮਾਰਚ ਤੋਂ ਪਹਿਲਾਂ ਸਖ਼ਤੀ, ਹਸਪਤਾਲਾਂ ਨੂੰ ਬੈੱਡ ਖ਼ਾਲੀ ਕਰਨ ਦੇ ਹੁਕਮ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (ਪੀਟੀਆਈ) ਵੱਲੋਂ 27 ਸਤੰਬਰ ਨੂੰ ਇਸਲਾਮਾਬਾਦ ਵਿਖੇ ਕੀਤੇ ਜਾਣ ਵਾਲੇ ਮਾਰਚ ਤੋਂ ਪਹਿਲਾਂ ਸਰਕਾਰ ਨੇ ਦੇਸ਼ ਵਿਆਪੀ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਪ੍ਰਦਰਸ਼ਨ ਤੋਂ ਪਹਿਲਾਂ ਪੁਲਸ ਨੇ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ—ਅਲੀਮਾ ਖ਼ਾਨ, ਨੂਰੀਨ ਨਿਆਜ਼ੀ, ਅਤੇ ਡਾ. ਉਜ਼ਮਾ ਖ਼ਾਨ ਸਮੇਤ ਪਰਿਵਾਰ ਦੇ ਹੋਰ ਜੀਆਂ ਨੂੰ ਮੇਨਟੇਨੈਂਸ ਆਫ਼ ਪਬਲਿਕ ਆਰਡਰ (MPO) ਤਹਿਤ 30 ਦਿਨਾਂ ਲਈ ਹਿਰਾਸਤ ਵਿੱਚ ਲੈ ਕੇ ਲਾਹੌਰ ਦੀ ਕੋਟ ਲਖਪਤ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕਈ ਹੋਰ ਆਗੂਆਂ, ਸੰਸਦ ਮੈਂਬਰਾਂ ਅਤੇ ਸੈਂਕੜੇ ਵਰਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।  

ਦੂਜੇ ਪਾਸੇ, ਸੰਭਾਵਿਤ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਇਸਲਾਮਾਬਾਦ ਦੇ ਹਸਪਤਾਲਾਂ ਨੂੰ 'ਮਾਸ ਕੈਜ਼ੂਅਲਟੀ ਇੰਸੀਡੈਂਟ' (ਵੱਡੀ ਗਿਣਤੀ 'ਚ ਜ਼ਖ਼ਮੀਆਂ ਦੇ ਆਉਣ ਦੀ ਸਥਿਤੀ) ਅਤੇ ਮਾਨਵੀ ਸੰਕਟ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਨਿਰਦੇਸ਼ਾਂ ਤੋਂ ਬਾਅਦ ਹਸਪਤਾਲਾਂ ਵਿੱਚ ਪਹਿਲਾਂ ਤੋਂ ਤੈਅ ਸਾਰੀਆਂ ਸਰਜਰੀਆਂ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਕੇ ਉਨ੍ਹਾਂ ਨੂੰ ਤੁਰੰਤ ਡਿਊਟੀ 'ਤੇ ਵਾਪਸ ਬੁਲਾਇਆ ਗਿਆ ਹੈ ਅਤੇ ਬੈੱਡ ਖ਼ਾਲੀ ਕਰਵਾਉਣ ਲਈ ਠੀਕ ਹੋ ਰਹੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ।ਇਮਰਾਨ ਖ਼ਾਨ ਜੋ ਕਿ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਦੀ ਵਿਗੜਦੀ ਸਿਹਤ ਅਤੇ ਜੇਲ੍ਹ ਵਿੱਚ 'ਅਣਮਨੁੱਖੀ ਵਰਤਾਓ' ਨੂੰ ਲੈ ਕੇ ਪਰਿਵਾਰ ਵੱਲੋਂ ਲਗਾਤਾਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਸਖ਼ਤੀ ਅਤੇ ਹਸਪਤਾਲਾਂ ਨੂੰ ਜਾਰੀ ਹਦਾਇਤਾਂ ਨੂੰ ਪਿਛਲੇ ਪ੍ਰਦਰਸ਼ਨਾਂ ਵਾਂਗ ਹਿੰਸਕ ਕਾਰਵਾਈ ਦੀ ਤਿਆਰੀ ਵਜੋਂ ਦੇਖਿਆ ਜਾ ਰਹਾ ਹੈ। ਹਾਲਾਂਕਿ, ਪੀ.ਟੀ.ਆਈ. ਆਗੂਆਂ ਅਤੇ ਇਮਰਾਨ ਖ਼ਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਤਮਾਮ ਗ੍ਰਿਫ਼ਤਾਰੀਆਂ ਦੇ ਬਾਵਜੂਦ 27 ਸਤੰਬਰ ਦਾ ਮਾਰਚ ਆਪਣੇ ਮਿਥੇ ਸਮੇਂ ਅਨੁਸਾਰ ਹੀ ਹੋਵੇਗਾ। 


author

Tarsem Singh

Content Editor

Related News