ਖ਼ੁਦ ਨਾਲ ਵਿਆਹ ਕਰਵਾਏਗੀ ਇਹ ਕੁੜੀ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ

Friday, Jun 03, 2022 - 02:14 PM (IST)

ਖ਼ੁਦ ਨਾਲ ਵਿਆਹ ਕਰਵਾਏਗੀ ਇਹ ਕੁੜੀ, ਸੋਸ਼ਲ ਮੀਡੀਆ 'ਤੇ ਛਿੜੀ ਬਹਿਸ

ਅਹਿਮਦਾਬਾਦ/ਵਡੋਦਰਾ (ਵਾਰਤਾ)- ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਇਕ 24 ਸਾਲਾ ਕੁੜੀ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਵਾਏਗੀ। ਸੰਭਾਵਤ ਤੌਰ 'ਤੇ ਦੇਸ਼ 'ਚ 'ਸਵੈ-ਵਿਆਹ' ਦਾ ਇਹ ਪਹਿਲਾ ਮਾਮਲਾ ਹੈ। ਮੂਲ ਰੂਪ ਨਾਲ ਬਿਹਾਰ ਅਤੇ ਹੁਣ ਗੁਜਰਾਤ ਦੇ ਵਡੋਦਰਾ 'ਚ ਰਹਿਣ ਕਸ਼ਮਾ ਬਿੰਦੂ ਕਹਿੰਦੀ ਹੈ ਕਿ ਉਹ ਖ਼ੁਦ ਨੂੰ ਪਿਆਰ ਕਰਦੀ ਹੈ। ਪਹਿਲਾਂ ਉਸ ਨੂੰ ਖ਼ੁਦ ਨਾਲ ਵਿਆਹ ਕਰਨ ਬਾਰੇ ਨਹੀਂ ਪਤਾ ਸੀ ਪਰ ਬਚਪਨ ਤੋਂ ਹੀ ਉਹ ਇਕੱਲੇ ਰਹਿਣ ਯਾਨੀ ਖ਼ੁਦ ਨਾਲ ਰਹਿਣ ਬਾਰੇ ਸੋਚਦੀ ਸੀ। ਬਿੰਦੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਖ਼ੁਦ ਜਾਂ ਸਵੈ-ਵਿਆਹ ਬਾਰੇ ਸੋਚਿਆ ਜਦੋਂ ਉਸ ਨੇ ਨੌਜਵਾਨ ਛੱਡੇ ਬੱਚਿਆਂ, ਲਿੰਗ ਅਸਮਾਨਤਾ ਅਤੇ ਅਜਿਹੇ ਹੋਰ ਸਮਾਜਿਕ ਮੁੱਦਿਆਂ 'ਤੇ ਅਧਾਰਤ ਪ੍ਰਸਿੱਧ ਅਤੇ ਪੁਰਸਕਾਰ ਜੇਤੂ ਕੈਨੇਡੀਅਨ ਵੈੱਬ ਸੀਰੀਜ਼ 'ਐਨੀ ਵਿਦ ਆਈਨ ਈ' ਦੇਖੀ। ਖਾਸ ਤੌਰ 'ਤੇ ਜਦੋਂ ਉਸ ਨੇ ਇਸ ਵੈੱਬ ਸੀਰੀਜ਼ ਦਾ ਡਾਇਲੌਗ ਸੁਣਿਆ ਕਿ 'ਹਰ ਔਰਤ ਦੁਲਹਨ ਬਣਨਾ ਚਾਹੁੰਦੀ ਹੈ ਪਰ ਪਤਨੀ ਨਹੀਂ' ਤਾਂ ਉਸ ਨੂੰ ਲੱਗਾ ਕਿ ਉਹ ਵੀ ਇਹੀ ਚਾਹੁੰਦੀ ਹੈ। ਉਹ ਵੀ ਲਾੜੇ ਤੋਂ ਬਿਨਾਂ ਲਾੜੀ ਬਣ ਸਕਦੀ ਹੈ।

ਇਹ ਵੀ ਪੜ੍ਹੋ : ਕਸ਼ਮੀਰ ਦੀ ਸਥਿਤੀ ਦੀ ਅੱਜ ਸਮੀਖਿਆ ਕਰਨਗੇ ਅਮਿਤ ਸ਼ਾਹ, ਟਾਰਗੇਟ ਕਿਲਿੰਗ 'ਤੇ ਵੱਡਾ ਫ਼ੈਸਲਾ ਸੰਭਵ

ਬਿੰਦੂ, ਜਿਸ ਨੇ ਸਥਾਨਕ ਸਯਾਜੀ ਰਾਓ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ 'ਚ ਗ੍ਰੈਜੂਏਸ਼ਨ ਕੀਤੀ ਹੈ, ਇੱਥੇ ਗੋਤਰੀ ਖੇਤਰ ਵਿਚ ਰਹਿੰਦੀ ਹੈ ਅਤੇ ਹੁਣ ਇਕ ਪ੍ਰਾਈਵੇਟ ਕੰਪਨੀ 'ਚ ਇਕ ਸੀਨੀਅਰ ਰਿਕਰੂਟਰ ਵਜੋਂ ਕੰਮ ਕਰਦੀ ਹੈ। ਉਸ ਦੇ ਪਿਤਾ ਦੱਖਣੀ ਅਫਰੀਕਾ ਵਿਚ ਰਹਿੰਦੇ ਹਨ ਅਤੇ ਮਾਂ ਅਤੇ ਭੈਣ ਅਹਿਮਦਾਬਾਦ ਵਿਚ ਰਹਿ ਰਹੀਆਂ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਵਡੋਦਰਾ ਵਿਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਭਾਰਤੀ ਪਰੰਪਰਾ ਅਤੇ ਰੀਤੀ-ਰਿਵਾਜ਼ਾਂ ਅਨੁਸਾਰ ਸਥਾਨਕ ਮਹਾਦੇਵ ਮੰਦਰ ਵਿਚ ਹੋਵੇਗਾ। ਫੇਰਿਆਂ ਸਮੇਤ ਸਾਰੀਆਂ ਰਸਮਾਂ ਹੋਣਗੀਆਂ ਪਰ ਸਿਰਫ਼ ਲਾੜਾ ਹੀ ਨਹੀਂ ਹੋਵੇਗਾ। ਇਕ ਸਵਾਲ ਦੇ ਜਵਾਬ 'ਚ ਉਸ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਭਾਰਤ ਵਿਚ ਹਾਲੇ ਤੱਕ ਅਜਿਹਾ ਕੋਈ ਵਿਆਹ ਨਹੀਂ ਹੋਇਆ ਹੈ ਅਤੇ ਉਸ ਨੂੰ ਅਜਿਹੇ ਵਿਆਹ ਦੇ ਕਾਨੂੰਨੀ ਪਹਿਲੂਆਂ ਬਾਰੇ ਵੀ ਜਾਣਕਾਰੀ ਨਹੀਂ ਹੈ। ਹੁਣ ਤੱਕ ਦੁਨੀਆ 'ਚ ਅਜਿਹੇ ਸਿਰਫ਼ 8 ਵਿਆਹ ਹੋਏ ਹਨ। ਬਿੰਦੂ ਨੇ ਦੱਸਿਆ ਕਿ ਉਸ ਨੇ ਇਸ ਵਿਆਹ ਲਈ 20 ਤੋਂ ਵੱਧ ਪੁਜਾਰੀਆਂ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ 'ਚੋਂ ਸਿਰਫ਼ ਇਕ ਨੇ ਇਸ ਲਈ ਹਾਮੀ ਭਰੀ ਹੈ। ਉਸ ਨਾਲ ਕੰਮ ਕਰਨ ਵਾਲੀ ਔਰਤ ਵੱਲੋਂ ਕੰਨਿਆਦਾਨ ਵੀ ਕੀਤਾ ਜਾਵੇਗਾ। ਫਿਲਹਾਲ ਉਹ ਧੂਮ-ਧਾਮ ਨਾਲ ਆਪਣੇ ਅਨੋਖੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਉਸ ਨੇ ਇਸ ਦੇ ਲਈ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਸੱਦਾ ਭੇਜਿਆ ਹੈ। ਬਿੰਦੂ ਨੇ ਦਾਅਵਾ ਕੀਤਾ ਕਿ ਉਸ ਦੇ ਮਾਪਿਆਂ ਨੂੰ ਉਸ ਦੇ ਇਸ ਕਦਮ 'ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਉਨ੍ਹਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਹੈ।

ਇਹ ਵੀ ਪੜ੍ਹੋ : ਪੂਰਬੀ ਲੱਦਾਖ ਵਿਵਾਦ : ਭਾਰਤ ਛੇਤੀ ਹੀ ਅਗਲੇ ਦੌਰ ਦੀ ਫ਼ੌਜੀ ਗੱਲਬਾਤ ਨੂੰ ਲੈ ਕੇ ਆਸਵੰਦ

ਮਜ਼ੇਦਾਰ ਗੱਲ ਇਹ ਹੈ ਕਿ ਇਸ ਵਿਆਹ ਤੋਂ ਬਾਅਦ ਬਿੰਦੂ ਖ਼ੁਦ ਨੂੰ ਸਿੰਗੂਰ ਲਗਾ ਕੇ ਇਕੱਲੇ ਹੀ ਹਨੀਮੂਨ 'ਤੇ ਵੀ ਜਾਵੇਗੀ। ਉਹ ਇਸ ਲਈ 2 ਹਫ਼ਤੇ ਗੋਆ 'ਚ ਬਿਤਾਏਗੀ। ਇਕ ਸਵਾਲ ਦੇ ਜਵਾਬ ਵਿਚ ਬਿੰਦੂ ਨੇ ਮੰਨਿਆ ਕਿ ਉਸ ਦੇ ਕਈ ਦੋਸਤਾਂ ਨੇ ਉਸ ਨੂੰ ਇਸ ਵਿਆਹ ਲਈ ਰੋਕਿਆ ਸੀ। ਇਸ ਦੌਰਾਨ ਬਿੰਦੂ ਦੇ ਇਸ ਅਨੋਖੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਲੋਕ ਕਹਿੰਦੇ ਹਨ ਕਿ ਇਸ ਦਾ ਕੋਈ ਅਰਥ ਨਹੀਂ ਹੈ ਅਤੇ ਇਹ ਸਸਤੀ ਪ੍ਰਸਿੱਧੀ ਲਈ ਸਿਰਫ਼ ਇਕ ਮਜ਼ਾਕ ਹੈ। ਇਕ ਨੇ ਲਿਖਿਆ ਹੈ ਕਿ ਇਹ ਅਜਿਹੀ ਗੱਲ ਹੈ ਕਿ ਜੇਕਰ ਕਿਸੇ ਨੂੰ ਖੂਨ ਦੇਣ ਦੀ ਲੋੜ ਪਵੇ ਤਾਂ ਇਕ ਹੱਥ ਵਿਚੋਂ ਕੱਢ ਕੇ ਦੂਜੇ ਹੱਥ ਵਿਚ ਪਾ ਦਿੱਤਾ ਜਾਵੇ ਜਾਂ ਸਰੀਰ ਦੇ ਦੋਵੇਂ ਗੁਰਦੇ ਆਪਸ ਵਿਚ ਬਦਲ ਦਿੱਤੇ ਜਾਣ। ਹਾਲਾਂਕਿ ਬਿੰਦੂ ਦੇ ਕਈ ਸਮਰਥਕ ਵੀ ਇਸ ਮਾਮਲੇ 'ਚ ਅੱਗੇ ਆਏ ਹਨ ਪਰ ਪੂਜਾ ਗੁਪਤਾ ਨਾਂ ਦੀ ਇਕ ਕੁੜੀ ਨੇ ਆਪਣੇ ਟਵੀਟ ਦੇ ਜਵਾਬ 'ਚ ਲਿਖਿਆ ਹੈ ਕਿ ਤਲਾਕ ਦੀ ਵਧਦੀ ਦਰ, ਵਿਆਹੁਤਾ ਵਿਵਾਦ ਦੇ ਕਾਨੂੰਨੀ ਮਾਮਲਿਆਂ, ਤਣਾਅ ਅਤੇ ਖੁਦਕੁਸ਼ੀ ਦੇ ਮਾਮਲਿਆਂ ਦੇ ਮੱਦੇਨਜ਼ਰ ਇਕੱਲੇ ਰਹਿਣਾ ਸੱਚਮੁੱਚ ਖੁਸ਼ ਰਹਿਣ ਦਾ ਸਭ ਤੋਂ ਵਧੀਆ ਵਿਕਲਪ ਲੱਗਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News