Bill Gates ਦਾ ਵੱਡਾ ਬਿਆਨ ; ''ਭਾਰਤ ਦੇ ਵਿਕਾਸ ਨਾਲ ਪੂਰੀ ਦੁਨੀਆ ਨੂੰ ਹੋਵੇਗਾ ਫ਼ਾਇਦਾ...''

Saturday, Mar 22, 2025 - 01:25 PM (IST)

Bill Gates ਦਾ ਵੱਡਾ ਬਿਆਨ ; ''ਭਾਰਤ ਦੇ ਵਿਕਾਸ ਨਾਲ ਪੂਰੀ ਦੁਨੀਆ ਨੂੰ ਹੋਵੇਗਾ ਫ਼ਾਇਦਾ...''

ਨਵੀਂ ਦਿੱਲੀ- ਮਾਈਕ੍ਰੋਸਾਫ਼ਟ ਦੇ ਸਹਿ-ਸੰਸਥਾਪਕ ਤੇ ਵਿਸ਼ਵ ਪ੍ਰਸਿੱਧ ਪਰਉਪਕਾਰੀ ਬਿਲ ਗੇਟਸ ਨੇ ਗਲੋਬਲ ਪੱਧਰ 'ਤੇ ਨਵੀਨਤਾ ਲਿਆਉਣ, ਵੈਕਸੀਨ ਬਣਾਉਣ ਤੇ ਡਿਜੀਟਲ ਇਨਫ੍ਰਾਸਟ੍ਰੱਕਚਰ 'ਚ ਭਾਰਤ ਦੇ ਅਹਿਮ ਰੋਲ ਦੀ ਪ੍ਰਸ਼ੰਸਾ ਕੀਤੀ ਹੈ। ਇਕ ਇੰਟਰਵਿਊ ਦੌਰਾਨ ਬਿਲ ਗੇਟਸ ਨੇ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰੱਕਟਰ ਤੇ ਇਸ ਦੇ ਗਲੋਬਲ ਪੱਧਰ 'ਤੇ ਵਧਦੇ ਜਾ ਰਹੇ ਪ੍ਰਭਾਵ 'ਤੇ ਜ਼ੋਰ ਦਿੱਤਾ। 

ਭਾਰਤ ਨਾਲ ਪੁਰਾਣੇ ਨਾਤੇ ਬਾਰੇ ਬੋਲਦਿਆਂ ਗੇਟਸ ਨੇ ਕਿਹਾ ਕਿ ਭਾਰਤ ਹਮੇਸ਼ਾ ਹੀ ਹੁਨਰ ਦਾ ਭੰਡਾਰ ਰਿਹਾ ਹੈ, ਜਿਸ ਦੀ ਪਛਾਣ ਉਸ ਨੇ ਆਪਣੇ ਮਾਈਕ੍ਰੋਸਾਫਟ ਦੇ ਸ਼ੁਰੂਆਤੀ ਦਿਨਾਂ 'ਚ ਹੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਸੱਤਿਆ ਨਾਡੇਲਾ ਇਸ ਦੀ ਵੱਡੀ ਉਦਾਹਰਨ ਹਨ, ਜਿਨ੍ਹਾਂ ਨੇ ਤਕਨੀਕੀ ਖੇਤਰ 'ਚ ਭਾਰਤ ਦੇ ਯੋਗਦਾਨ ਨੂੰ ਜਗ ਜਾਹਿਰ ਕੀਤਾ ਹੈ। 

ਉਨ੍ਹਾਂ ਕਿਹਾ, ''ਮਾਈਕ੍ਰੋਸਾਫ਼ਟ ਦੇ ਸਮੇਂ, ਮੈਨੂੰ ਵੱਡੇ ਤੋਂ ਵੱਡੇ ਹੁਨਰ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਹੁਣ ਮਾਈਕ੍ਰੋਸਾਫ਼ਟ 'ਚ ਸੱਤਿਆ ਤੋਂ ਇਲਾਵਾ ਹੋਰ ਕਈ ਮਹਾਨ ਭਾਰਤੀ ਕੰਮ ਕਰ ਰਹੇ ਹਨ। ਜਦੋਂ ਮੈਂ ਆਪਣੇ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ ਤਾਂ ਮੈਨੂੰ ਪਤਾ ਸੀ ਕਿ ਬੱਚਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ ਤਾਂ ਮੈਨੂੰ ਭਾਰਤ ਸਰਕਾਰ ਨਾਲ ਹੱਥ ਮਿਲਾਉਣਾ ਪਵੇਗਾ। ਹੁਣ ਅਸੀਂ ਇੱਥੇ ਖੇਤੀਬਾੜੀ, ਏ.ਆਈ ਤੇ ਮਹਾਮਾਰੀ ਤੋਂ ਬਾਅਦ ਇੱਥੋਂ ਦੇ ਵਿਕਾਸ 'ਚ ਕਾਫ਼ੀ ਤੇਜ਼ੀ ਦੇਖ ਰਹੇ ਹਾਂ।''

ਇਹ ਵੀ ਪੜ੍ਹੋ- ਡੱਲੇਵਾਲ ਨੂੰ ਡਿਟੇਨ ਕਰਨ ਦਾ ਮਾਮਲਾ ਪੁੱਜਾ ਹਾਈਕੋਰਟ, ਨੋਟਿਸ ਜਾਰੀ

ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਪਾਰਟਨਰਸ਼ਿਪ ਦੌਰਾਨ ਅਸੀਂ ਵੈਕਸੀਨ ਸਪਲਾਈ ਕਰਨ ਤੇ ਨਵੇਂ ਇਲਾਜ ਲੱਭਣ 'ਚ ਜੋ ਕੰਮ ਕੀਤਾ ਹੈ, ਉਹ ਵਾਕਈ ਕਾਬਿਲ-ਏ-ਤਾਰੀਫ਼ ਹੈ। ਦੁਨੀਆ ਭਰ ਦੀਆਂ ਸਸਤੀਆਂ ਵੈਕਸੀਨਾਂ ਭਾਰਤ ਦੇ ਸਹਿਯੋਗ ਨਾਲ ਹੀ ਬਣਾਈਆਂ ਗਈਆਂ ਹਨ, ਜਿਸ ਨਾਲ ਸਿਰਫ਼ ਭਾਰਤ ਹੀ ਨਹੀਂ, ਸਗੋਂ ਦੂਜੇ ਦੇਸ਼ਾਂ 'ਚ ਵੀ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਹਨ। 

ਉਨ੍ਹਾਂ ਕਿਹਾ ਕਿ ਇਹ ਸਭ ਨਵੀਨਤਾ ਦਾ ਕਮਾਲ ਹੈ। ਹਰ ਕੋਈ ਜਾਣਦਾ ਹੈ ਕਿ ਭਾਰਤ 'ਚ ਬਣੀਆਂ ਵੈਕਸੀਨਜ਼ ਬਾਕੀਆਂ ਨਾਲੋਂ ਜ਼ਿਆਦਾ ਸੁਰੱਖਿਅਤ ਹਨ। ਇਸ ਤੋਂ ਇਲਾਵਾ ਬਾਕੀ ਦੁਨੀਆ ਨੂੰ ਇਸ ਬਾਰੇ ਜਾਣਕਾਰੀ ਦੇਣ 'ਚ ਵੀ ਭਾਰਤ ਦਾ ਅਹਿਮ ਰੋਲ ਹੈ। ਉਨ੍ਹਾਂ ਨੇ ਭਾਰਤ 'ਚ ਵਧਦੇ ਜਾ ਰਹੇ ਏ.ਆਈ. ਦੇ ਰੋਲ ਨੂੰ ਉਜਾਗਰ ਕਰਦਿਆਂ ਕਿਹਾ ਕਿ ਭਾਰਤ ਨੇ ਖੇਤੀਬਾੜੀ, ਸਿਹਤ ਤੇ ਸਿੱਖਿਆ ਦੇ ਖੇਤਰ 'ਚ ਤਰੱਕੀ ਕਰ ਕੇ ਲੋਕਾਂ ਦੇ ਜਿਊਣ ਦਾ ਪੱਧਰ ਕਾਫ਼ੀ ਉੱਚਾ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਭਾਰਤ ਦਾ 2047 ਤੱਕ ਇਕ ਵਿਕਸਿਤ ਦੇਸ਼ ਬਣਨ ਦਾ ਵਿਜ਼ਨ ਵੀ ਕਾਫ਼ੀ ਸ਼ਾਨਦਾਰ ਹੈ। ਇਸ ਵਿਜ਼ਨ ਨੂੰ ਸੱਚ ਸਾਬਿਤ ਕਰਨ ਲਈ ਸਿਰਫ਼ ਕੇਂਦਰ ਸਰਕਾਰ ਹੀ ਨਹੀਂ, ਸੂਬਾ ਸਰਕਾਰਾਂ ਵੀ ਪੂਰਾ ਜ਼ੋਰ ਲਗਾ ਰਹੀਆਂ ਹਨ। 

ਇਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਭਰ 'ਚ ਚੱਲ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਰੂਸ-ਯੂਕ੍ਰੇਨ ਦੀ ਜੰਗ ਤੇ ਮਿਡਲ ਈਸਟ ਇਲਾਕਿਆਂ 'ਚ ਬਣੀ ਹੋਈ ਅਸ਼ਾਂਤੀ ਇਨ੍ਹਾਂ ਇਲਾਕਿਆਂ 'ਚ ਵਿਕਾਸ ਦੇ ਕੰਮਾਂ 'ਚ ਰੁਕਾਵਟ ਪੈਦਾ ਕਰ ਰਹੀ ਹੈ, ਖ਼ਾਸ ਕਰ ਅਫ਼ਰੀਕਾ 'ਚ। 

ਇਹ ਵੀ ਪੜ੍ਹੋ- ਭਾਰਤ ਕੱਪੜਾ ਆਯਾਤ ਕਰਨ ਵਾਲੇ ਚੋਟੀ ਦੇ ਦੇਸ਼ਾਂ 'ਚ ਸ਼ਾਮਲ, ਮੰਤਰਾਲੇ ਨੇ ਦਿੱਤੀ ਜਾਣਕਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News