ਟਰੰਪ ਦੀ ਵੱਡੀ ਜਿੱਤ: ਅਮਰੀਕੀ ਸੈਨੇਟ ਵੱਲੋਂ ਈਰਾਨ ਜੰਗ ਨੂੰ ਰੋਕਣ ਵਾਲਾ ਬਿੱਲ ਨਾਮਨਜ਼ੂਰ, ਜਾਰੀ ਰਹੇਗੀ ਫ਼ੌਜੀ ਕਾਰਵਾਈ
Thursday, Mar 05, 2026 - 08:09 AM (IST)
ਇੰਟਰਨੈਸ਼ਨਲ ਡੈਸਕ : ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ ਖਿਲਾਫ ਜੰਗ ਸ਼ੁਰੂ ਕਰਨ ਦੇ ਫੈਸਲੇ 'ਤੇ ਰੋਕ ਲਗਾਉਣ ਵਾਲੇ ਬਿੱਲ ਨੂੰ ਖਾਰਿਜ ਕਰ ਦਿੱਤਾ ਹੈ। ਰਿਪਬਲਿਕਨ ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦਾ ਸਮਰਥਨ ਕਰਦੇ ਹੋਏ 'ਵਾਰ ਪਾਵਰਜ਼ ਰੈਜ਼ੋਲਿਊਸ਼ਨ' (War Powers Resolution) ਨੂੰ 47 ਦੇ ਮੁਕਾਬਲੇ 53 ਵੋਟਾਂ ਨਾਲ ਰੱਦ ਕਰ ਦਿੱਤਾ। ਇਸ ਬਿੱਲ ਰਾਹੀਂ ਮੰਗ ਕੀਤੀ ਗਈ ਸੀ ਕਿ ਰਾਸ਼ਟਰਪਤੀ ਨੂੰ ਕਿਸੇ ਵੀ ਫੌਜੀ ਕਾਰਵਾਈ ਤੋਂ ਪਹਿਲਾਂ ਕਾਂਗਰਸ (ਸੰਸਦ) ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।
ਭਾਰੀ ਜਾਨੀ ਨੁਕਸਾਨ ਅਤੇ ਤਣਾਅ
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ਵਿੱਚ ਭਾਰੀ ਬੰਬਾਰੀ ਕੀਤੀ ਸੀ। ਇਸ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਅਤੇ ਹੋਰ ਚੋਟੀ ਦੇ ਨੇਤਾਵਾਂ ਸਮੇਤ 1,000 ਤੋਂ ਵੱਧ ਲੋਕ ਮਾਰੇ ਗਏ ਹਨ। ਖ਼ਬਰਾਂ ਮੁਤਾਬਕ ਇੱਕ ਸਕੂਲ 'ਤੇ ਹੋਏ ਹਮਲੇ ਵਿੱਚ 165 ਮਾਸੂਮ ਬੱਚੀਆਂ ਦੀ ਵੀ ਜਾਨ ਚਲੀ ਗਈ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਊਰਜਾ ਸੰਕਟ: ਕਤਰ 'ਚ LNG ਉਤਪਾਦਨ ਠੱਪ, ਗੈਸ ਦੀਆਂ ਕੀਮਤਾਂ 'ਚ 54% ਦਾ ਵਾਧਾ
ਪਾਰਟੀ ਲਾਈਨ 'ਤੇ ਵੰਡੇ ਦਿਸੇ ਸੰਸਦ ਮੈਂਬਰ
ਇਸ ਬਿੱਲ 'ਤੇ ਵੋਟਿੰਗ ਦੌਰਾਨ ਅਮਰੀਕੀ ਸੰਸਦ ਮੈਂਬਰ ਪਾਰਟੀ ਲਾਈਨ ਦੇ ਹਿਸਾਬ ਨਾਲ ਵੰਡੇ ਹੋਏ ਦਿਖਾਈ ਦਿੱਤੇ। ਜ਼ਿਆਦਾਤਰ ਡੈਮੋਕ੍ਰੇਟਿਕ ਸੰਸਦ ਮੈਂਬਰ ਜੰਗ ਰੋਕਣ ਦੇ ਪੱਖ ਵਿੱਚ ਸਨ, ਜਦੋਂ ਕਿ ਰਿਪਬਲਿਕਨਾਂ ਨੇ ਫੌਜੀ ਮੁਹਿੰਮ ਦਾ ਸਮਰਥਨ ਕੀਤਾ। ਹਾਲਾਂਕਿ, ਕੈਂਟਕੀ ਦੇ ਰਿਪਬਲਿਕਨ ਸੈਨੇਟਰ ਰੈਂਡ ਪਾਲ ਨੇ ਬਿੱਲ ਦੇ ਪੱਖ ਵਿੱਚ ਅਤੇ ਪੈਨਸਿਲਵੇਨੀਆ ਦੇ ਡੈਮੋਕ੍ਰੇਟਿਕ ਸੈਨੇਟਰ ਜੌਨ ਫੈਟਰਮੈਨ ਨੇ ਇਸ ਦੇ ਵਿਰੁੱਧ ਵੋਟ ਪਾਈ।
8 ਹਫ਼ਤਿਆਂ ਤੱਕ ਖਿੱਚ ਸਕਦੀ ਹੈ ਜੰਗ
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਜੰਗ 8 ਹਫ਼ਤਿਆਂ ਤੱਕ ਵੱਧ ਸਕਦੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਚਾਰ ਹਫ਼ਤਿਆਂ ਵਿੱਚ ਜੰਗ ਖ਼ਤਮ ਹੋਣ ਦੀ ਗੱਲ ਕਹੀ ਸੀ। ਅਮਰੀਕਾ ਅਤੇ ਇਜ਼ਰਾਈਲ ਦਾ ਦਾਅਵਾ ਹੈ ਕਿ ਈਰਾਨ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ, ਹਾਲਾਂਕਿ ਈਰਾਨ ਅਤੇ ਪ੍ਰਮਾਣੂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਸਹੀ ਨਹੀਂ ਪਾਇਆ ਹੈ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
