ਛੱਤੀਸਗੜ੍ਹ : ਬੀਜਾਪੁਰ ''ਚ ਸੁਰੱਖਿਆ ਫੋਰਸ ਨਾਲ ਮੁਕਾਬਲੇ ''ਚ 7 ਨਕਸਲੀ ਢੇਰ, 2 ਜਵਾਨ ਸ਼ਹੀਦ
Wednesday, Dec 03, 2025 - 06:45 PM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ 2 ਜਵਾਨ ਸ਼ਹੀਦ ਹੋ ਗਏ ਉਥੇ ਹੀ 7 ਨਕਸਲੀ ਵੀ ਮਾਰੇ ਗਏ। ਰਿਪੋਰਟਾਂ ਅਨੁਸਾਰ, ਬੀਜਾਪੁਰ-ਦਾਂਤੇਵਾੜਾ ਸਰਹੱਦ 'ਤੇ ਸੈਨਿਕਾਂ ਅਤੇ ਨਕਸਲੀਆਂ ਵਿਚਕਾਰ ਇਹ ਭਿਆਨਕ ਮੁਕਾਬਲਾ ਹੋ ਰਿਹਾ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮੁਕਾਬਲੇ ਵਿੱਚ 7 ਨਕਸਲੀ ਮਾਰੇ ਗਏ ਹਨ ਅਤੇ 2 ਜਵਾਨ ਵੀ ਸ਼ਹੀਦ ਹੋਏ ਹਨ।
ਰਿਪੋਰਟਾਂ ਅਨੁਸਾਰ, ਇਹ ਮੁਕਾਬਲਾ ਬੀਜਾਪੁਰ ਦੇ ਗੰਗਲੂਰ ਖੇਤਰ ਵਿੱਚ ਜਾਰੀ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਜਵਾਨਾਂ ਨੇ ਵੱਡੀ ਗਿਣਤੀ ਵਿੱਚ ਨਕਸਲੀਆਂ ਨੂੰ ਘੇਰ ਲਿਆ ਹੈ। ਮੁਕਾਬਲਾ ਅਜੇ ਵੀ ਜਾਰੀ ਹੈ। ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ।
ਬੀਜਾਪੁਰ-ਦਾਂਤੇਵਾੜਾ ਸਰਹੱਦ 'ਤੇ ਮੁਕਾਬਲਾ
ਬੀਜਾਪੁਰ ਦੇ ਐੱਸਪੀ ਡਾ. ਜਿਤੇਂਦਰ ਯਾਦਵ ਨੇ ਦੱਸਿਆ ਕਿ ਬੁੱਧਵਾਰ ਸਵੇਰੇ 9 ਵਜੇ ਤੋਂ ਬੀਜਾਪੁਰ-ਦਾਂਤੇਵਾੜਾ ਸਰਹੱਦ ਦੇ ਪੱਛਮੀ ਬਸਤਰ ਡਿਵੀਜ਼ਨ ਖੇਤਰ ਵਿੱਚ ਡੀਆਰਜੀ ਦਾਂਤੇਵਾੜਾ-ਬੀਜਾਪੁਰ, ਐੱਸਟੀਐਫ ਅਤੇ ਸੀਆਰਪੀਐੱਫ ਵੱਲੋਂ ਇੱਕ ਸਾਂਝਾ ਸਰਚ ਆਪ੍ਰੇਸ਼ਨ ਜਾਰੀ ਹੈ। ਇਸ ਦੌਰਾਨ ਪੁਲਸ ਅਤੇ ਨਕਸਲੀਆਂ ਵਿਚਕਾਰ ਰੁਕ-ਰੁਕ ਕੇ ਗੋਲੀਬਾਰੀ ਜਾਰੀ ਰਹੀ।
ਮੁਕਾਬਲੇ ਵਿੱਚ 2 ਜਵਾਨ ਸ਼ਹੀਦ, 1 ਜ਼ਖਮੀ
ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੱਤਲਿੰਗਮ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ 7 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐੱਸਐੱਲਆਰ ਰਾਈਫਲਾਂ, 303 ਰਾਈਫਲਾਂ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ ਹੈ। ਮੁਕਾਬਲੇ ਵਿੱਚ ਡੀਆਰਜੀ ਬੀਜਾਪੁਰ ਦੇ ਦੋ ਜਵਾਨ, ਹੈੱਡ ਕਾਂਸਟੇਬਲ ਮੋਨੂ ਵਦਾਦੀ ਅਤੇ ਕਾਂਸਟੇਬਲ ਡੁਕਰੂ ਗੋਂਡੇ ਸ਼ਹੀਦ ਹੋ ਗਏ। ਇੱਕ ਹੋਰ ਸਿਪਾਹੀ, ਸੋਮਦੇਵ ਯਾਦਵ, ਜ਼ਖਮੀ ਹੋ ਗਿਆ। ਜ਼ਖਮੀ ਸਿਪਾਹੀ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ।
