ਬਿਹਾਰ ਚੋਣਾਂ: ਚੋਣ ਮੈਦਾਨ ''ਚ ਉਤਰੇ PM ਮੋਦੀ ਦੇ ਹਮਸ਼ਕਲ, ਵਿਧਾਇਕ ਨਹੀਂ ''ਮੁੱਖ ਮੰਤਰੀ'' ਬਣਨ ਦਾ ਹੈ ਸੁਫ਼ਨਾ
Wednesday, Oct 14, 2020 - 06:37 PM (IST)
ਗੋਪਾਲਗੰਜ— ਬਿਹਾਰ ਵਿਧਾਨਸਭਾ ਚੋਣਾਂ ਨੂੰ ਲੈ ਕੇ ਪੂਰਾ ਸਿਆਸੀ ਮੈਦਾਨ ਤਿਆਰ ਹੋ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰੇ ਜਾ ਰਹੇ ਹਨ। ਬਿਹਾਰ ਵਿਚ ਗੋਪਾਲਗੰਜ ਜ਼ਿਲ੍ਹੇ ਦੀ ਹਥੁਆ ਵਿਧਾਨਸਭਾ ਸੀਟ 'ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਸ਼ਕਲ ਅਭਿਨੰਦਨ ਪਾਠਕ ਊਰਫ ਨੰਦਨ ਮੋਦੀ ਵੀ ਵਿਧਾਨਸਭਾ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਣ ਲਈ ਚੋਣ ਮੈਦਾਨ ਵਿਚ ਉਤਰ ਗਏ ਹਨ। ਨੰਦਨ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਸ਼ਕਲ ਤਾਂ ਹੈ ਹੀ ਹਨ, ਉਹ ਚੋਣ ਜਿੱਤ ਕੇ ਵਿਧਾਇਕ ਬਣਨ ਦਾ ਸੁਫ਼ਨਾ ਨਹੀਂ ਸਗੋਂ ਸਿੱਧਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਸੰਜੋ ਕੇ ਬੈਠੇ ਹਨ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਸਗੋਂ ਉਨ੍ਹਾਂ ਦੇ ਹਮਸ਼ਕਲ ਅਭਿਨੰਦਨ ਪਾਠਕ ਊਰਫ ਨੰਦਨ ਮੋਦੀ ਹਨ, ਜੋ ਵੇਖਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਕਲ ਦੇ ਦਿੱਸਦੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਹਥੁਆ ਵਿਧਾਨਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਭਰਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਕਾਸ ਦੀ ਲੜਾਈ ਹੈ। ਉਹ ਚੋਣ ਜਿੱਤ ਕੇ ਪਟਨਾ ਜਾਣਗੇ ਅਤੇ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰਨਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਬਿਹਾਰ ਦਾ ਵਿਕਾਸ ਕਰਨਗੇ।
ਨੰਦਨ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਿੱਧੀ ਲੜਾਈ ਸਮਾਜ ਕਲਿਆਣ ਮੰਤਰੀ ਰਾਮਸੇਵਕ ਸਿੰਘ ਨਾਲ ਹੈ। ਸਮਾਜ ਕਲਿਆਣ ਮੰਤਰੀ ਰਾਮ ਸੇਵਕ ਸਿੰਘ ਵੀ ਹਥੁਆ ਵਿਧਾਨ ਸਭਾ ਸੀਟ ਤੋਂ ਹੀ 4 ਵਾਰ ਵਿਧਾਇਕ ਬਣਦੇ ਆ ਰਹੇ ਹਨ। ਇਸ ਵਾਰ ਉਹ 5ਵੀਂ ਵਾਰ ਜਿੱਤ ਦਰਜ ਕਰਨ ਲਈ ਚੋਣ ਮੈਦਾਨ ਵਿਚ ਹਨ। ਜਦ (ਯੂ) ਦੀ ਇਹ ਪਰੰਪਰਾਗਤ ਸੀਟ ਰਹੀ ਹੈ। ਇੱਥੇ ਪਿਛਲੀ ਵਾਰ 'ਹਮ' ਤੋਂ ਮਹਾਚੰਦਰ ਸਿੰਘ ਦੂਜੇ ਨੰਬਰ 'ਤੇ ਸਨ। ਪਹਿਲੀ ਵਾਰ ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਜਨਤਾ ਦਲ ਯੂਨਾਈਟਿਡ (ਜਦਯੂ) ਵਿਚ ਸਿੱਧੀ ਟੱਕਰ ਹੈ। ਮੋਦੀ ਦੇ ਹਮਸ਼ਕਲ ਨੰਦਨ ਮੋਦੀ ਦੇ ਮੈਦਾਨ ਵਿਚ ਆ ਜਾਣ ਨਾਲ ਇਹ ਸੀਟ ਹੁਣ ਰੋਮਾਂਚਕ ਹੋ ਗਈ ਹੈ। ਦੱਸਣਯੋਗ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ 28 ਅਕਤੂਬਰ ਤੋਂ ਹੋਣਗੀਆਂ। ਦੂਜੇ ਪੜਾਅ ਅਤੇ ਤੀਜੇ ਪੜਾਅ ਲਈ 3 ਨਵੰਬਰ ਅਤੇ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੇ ਨਤੀਜੇ 10 ਨਵੰਬਰ ਨੂੰ ਹੋਣਗੇ।