ਬਿਹਾਰ ''ਚ 50 ਸੀਟਾਂ ''ਤੇ ਚੋਣ ਲੜੇਗੀ ਸ਼ਿਵ ਸੈਨਾ, ਇਹ ਹੋਵੇਗਾ ਚੋਣ ਨਿਸ਼ਾਨ

10/11/2020 3:46:33 PM

ਮੁੰਬਈ— ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਅਨਿਲ ਦੇਸਾਈ ਨੇ ਐਤਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਵਿਧਾਨਸਭਾ ਚੋਣਾਂ ਵਿਚ ਲੱਗਭਗ 50 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ। ਦੇਸਾਈ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਹਾਰ 'ਚ ਕਿਸੇ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੈ। ਦੇਸਾਈ ਨੇ ਅੱਗੇ ਕਿਹਾ ਕਿ ਸ਼ਿਵ ਸੈਨਾ ਲੱਗਭਗ 50 ਸੀਟਾਂ 'ਤੇ ਚੋਣਾਂ ਲੜੇਗੀ। ਅਸੀਂ ਉਨ੍ਹਾਂ ਸੀਟਾਂ 'ਤੇ ਉਮੀਦਵਾਰ ਉਤਾਰੇ ਹਨ, ਜਿੱਥੇ ਸਾਡੇ ਵਰਕਰ ਜਨਤਾ ਦੇ ਕੰਮਾਂ ਵਿਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਚੋਣਾਂ 'ਚ ਪਾਰਟੀ ਦਾ ਚੋਣ ਨਿਸ਼ਾਨ 'ਤੁਰਹੀ ਵਜਾਉਂਦਾ ਵਿਅਕਤੀ' ਹੋਵੇਗਾ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਬਿਹਾਰ ਵਿਧਾਨਸਭਾ ਚੋਣਾਂ ਵਿਚ ਸ਼ਿਵ ਸੈਨਾ ਨੂੰ ਉਸ ਦਾ ਚੋਣ ਨਿਸ਼ਾਨ 'ਧਨੁਸ਼' ਅਤੇ 'ਤੀਰ' ਇਸਤੇਮਾਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਇਹ ਜਨਤਾ ਦਲ ਯੂਨਾਈਟਿਡ ਦੇ ਚੋਣ ਨਿਸ਼ਾਨ 'ਤੀਰ' ਨਾਲ ਮਿਲਦਾ-ਜੁਲਦਾ ਹੈ।

ਬਿਹਾਰ ਚੋਣਾਂ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵਲੋਂ ਚੋਣ ਪ੍ਰਚਾਰ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਦੇਸਾਈ ਨੇ ਕਿਹਾ ਕਿ ਪਾਰਟੀ ਅਤੇ ਮੁੱਖ ਮੰਤਰੀ ਖ਼ੁਦ ਇਸ ਬਾਰੇ ਜਾਣਕਾਰੀ ਦੇਣਗੇ। ਦੱਸਣਯੋਗ ਹੈ ਕਿ ਬਿਹਾਰ ਦੀਆਂ 243 ਮੈਂਬਰੀ ਵਿਧਾਨਸਭਾ ਲਈ 3 ਪੜਾਵਾਂ ਵਿਚ ਵੋਟਾਂ ਪੈਣਗੀਆਂ। ਪਹਿਲੇ ਪੜਾਅ 'ਚ 28 ਅਕਤੂਬਰ, ਦੂਜੇ ਪੜਾਅ 'ਚ 3 ਨਵੰਬਰ ਅਤੇ ਤੀਜੇ ਪੜਾਅ 'ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।


Tanu

Content Editor

Related News