ਵੱਡੀ ਖ਼ਬਰ: ਫਰੂਖਾਬਾਦ ’ਚ EVM ’ਚੋਂ ਸਪਾ ਦਾ ਚੋਣ ਨਿਸ਼ਾਨ ਗਾਇਬ, ਕਈ ਬੂਥਾਂ ’ਤੇ EVM ਖ਼ਰਾਬ ਹੋਣ ਕਾਰਨ ਵੋਟਿੰਗ ਰੁਕੀ
Sunday, Feb 20, 2022 - 12:02 PM (IST)
ਫਰੂਖਾਬਾਦ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਦੇ ਤੀਜੇ ਪੜਾਅ ਲਈ 16 ਜ਼ਿਲ੍ਹਿਾਂ ਦੀਆਂ 59 ਸੀਟਾਂ ’ਤੇ ਐਤਵਾਰ ਸਵੇਰ ਤੋਂ ਵੋਟਿੰਗ ਜਾਰੀ ਹੈ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਚੋਣਾਂ ਸੰਪਨ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਵਿਚਕਾਰ ਫਰੂਖਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪਿੰਡ ਕਿਰਾਚੀਨ ਦੇ ਬੂਥ ਨੰਬਰ 38 ਦੀ ਈ.ਵੀ.ਐੱਮ. ਮਸ਼ੀਨ ’ਤੇ ਸਾਈਕਲ ਦਾ ਚੋਣ ਨਿਸ਼ਾਨ ਹੀ ਗਾਇਬ ਹੈ ਜਿਸ ਕਾਰਨ ਹਫੜਾ-ਦਫੜੀ ਮਚ ਗਈ ਹੈ।
ਇਹ ਪੂਰਾ ਮਾਮਲਾ ਅਮ੍ਰਿਤਪੁਰ ਵਿਧਾਨ ਸਭਾ ਦੇ ਪਿੰਡ ਕਿਰਾਚੀਨ ਦੇ ਬੂਥ ਨੰਬਰ 38 ਦਾ ਹੈ ਜਿਥੇ ਈ.ਵੀ.ਐੱਮ. ’ਚ ਸਾਰੀਆਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਦਿਸੇ ਪਰ ਮਸ਼ੀਨ ਨੇ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਸਾਈਕਲ ਗਾਇਬ ਹੈ। ਜਿਲ੍ਹਾ ਪ੍ਰਸ਼ਾਸਨ ਦੀ ਇਸ ਵੱਡੀ ਚੂਕ ਕਾਰਨ ਵੋਟਰ ਪਰੇਸ਼ਾਨ ਹਨ। ਇਸਦੇ ਬਾਵਜੂਦ ਅਜੇ ਤਕ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਮਿਸ਼ਨ ਦੀ ਕਾਰਜਸ਼ੈਲੀ ’ਤੇ ਸਵਾਲ ਉੱਠ ਰਹੇ ਹਨ।
ਫਾਰੂਖਾਬਾਦ ਦੇ ਕਈ ਬੂਥਾਂ ’ਤੇ ਈ.ਵੀ.ਐੱਮ. ਖ਼ਰਾਬ
ਫਾਰੂਖਾਬਾਦ ਜ਼ਿਲ੍ਹੇ ਦੀ ਕਾਇਮਗੰਜ ਵਿਧਾਨ ਸਭਾ 192 ਬੂਥ ਨੰਬਰ 325, 168, ਫਾਰੂਖਾਬਾਦ ਵਿਧਾਨ ਸਭਾ 194 ਦੇ ਬੂਥ ਨੰਬਰ 198 ’ਤੇ ਈ.ਵੀ.ਐੱਮ. ਖ਼ਰਾਬ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਉਥੇ ਹੀ ਅਮ੍ਰਿਤਪੁਰ ਵਿਧਾਨ ਸਭਾ 193 ਦੇ ਬੂਥ ਨੰਬਰ 86, 252, 341, 317 ’ਤੇ ਵੀ ਈ.ਵੀ.ਐੱਮ. ਖ਼ਰਾਬ ਹੋਣ ਕਾਰਨ ਵੋਟਰ ਘੰਟਿਆਂ ਤਕ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਨਾਲ ਹੀ ਬੂਥ ਨੰਬਰ 351 ’ਤੇ ਅਧਿਕਾਰੀ ਵੋਟਰਾਂ ਨੂੰ ਵੋਟ ਨਹੀਂ ਪਾਉਣ ਦੇ ਰਹੇ। ਇਸਨੂੰ ਲੈ ਕੇ ਸਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।