ਹੁਣ ਨਹੀਂ ਦੇਣਾ ਪਵੇਗਾ ਕਰਜ਼ ਦੇ ਵਿਆਜ 'ਤੇ ਵਿਆਜ, ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤਾ ਹਲਫ਼ਨਾਮਾ

Saturday, Oct 03, 2020 - 01:08 PM (IST)

ਹੁਣ ਨਹੀਂ ਦੇਣਾ ਪਵੇਗਾ ਕਰਜ਼ ਦੇ ਵਿਆਜ 'ਤੇ ਵਿਆਜ, ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤਾ ਹਲਫ਼ਨਾਮਾ

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਅਤੇ ਵਿਅਕਤੀਗਤ ਉਧਾਰ ਲੈਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਾਖਲ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਐਮ.ਐਸ.ਐਮ.ਈ. ਕਰਜ਼ਿਆਂ, ਸਿੱਖਿਆ, ਮਕਾਨ, ਖਪਤਕਾਰ, ਆਟੋ, ਕ੍ਰੈਡਿਟ ਕਾਰਡ ਦੇ ਬਕਾਏ ਅਤੇ ਖਪਤ ਕਰਜ਼ਿਆਂ ਉੱਤੇ ਲਾਗੂ ਮਿਸ਼ਰਿਤ ਵਿਆਜ ਮੁਆਫ਼ ਕੀਤਾ ਜਾਵੇ। ਸਰਕਾਰ ਅਨੁਸਾਰ 6 ਮਹੀਨਿਆਂ ਦੇ ਕਰਜ਼ੇ ਦੀ ਮੁਆਫ਼ੀ ਦੇ ਸਮੇਂ ਵਿਚ ਦੋ ਕਰੋੜ ਰੁਪਏ ਤੱਕ ਦੇ ਕਰਜ਼ੇ ਦੇ ਵਿਆਜ 'ਤੇ ਵਿਆਜ ਮੁਆਫ਼ ਕੀਤਾ ਜਾਵੇਗਾ।

ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਨੋਟਬੰਦੀ ਦੇ ਸਮੇਂ (ਮਾਰਚ ਤੋਂ ਅਗਸਤ) ਦੌਰਾਨ ਵਿਆਜ 'ਤੇ ਵਿਆਜ ਮੁਆਫ਼ ਕਰਨ ਲਈ ਸਹਿਮਤ ਹੈ। ਇਹ ਰਾਹਤ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ ਮਿਲ ਸਕਦੀ ਹੈ। ਵਿਆਜ ਮੁਆਫ਼ੀ ਐਮ.ਐਸ.ਐਮ.ਈ. ਅਤੇ ਵਿਦਿਅਕ, ਰਿਹਾਇਸ਼ੀ, ਖਪਤਕਾਰ , ਆਟੋ, ਕ੍ਰੈਡਿਟ ਕਾਰਡ ਦੇ ਬਕਾਏ, ਪੇਸ਼ੇਵਰ ਅਤੇ ਖਪਤ ਕਰਜ਼ੇ ਲਈ ਲਾਗੂ ਹੋਵੇਗੀ।

ਕੇਂਦਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸਥਿਤੀ ਵਿਚ ਸਰਕਾਰ ਨੂੰ ਵਿਆਜ ਮੁਆਫੀ ਦਾ ਭਾਰ ਸਹਿਣਾ ਚਾਹੀਦਾ ਹੈ, ਇਹ ਇੱਕੋ ਇੱਕ ਹੱਲ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਢੁਕਵੀਂ ਗ੍ਰਾਂਟ ਲਈ ਸੰਸਦ ਤੋਂ ਆਗਿਆ ਮੰਗੀ ਜਾਏਗੀ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਮੋਰੇਟੋਰਿਅਮ ਮਾਮਲੇ ਵਿਚ ਕੇਂਦਰ ਸਰਕਾਰ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਸਬੰਧ ਵਿਚ ਹਲਫਨਾਮਾ ਦਾਇਰ ਕਰਕੇ ਕੇਂਦਰ ਸਰਕਾਰ ਆਪਣਾ ਪੱਖ ਸਪੱਸ਼ਟ ਕਰੇ ਅਤੇ ਰਿਜ਼ਰਵ ਬੈਂਕ ਦੇ ਪਿੱਛੇ ਛੁਪ ਕੇ ਆਪਣੇ ਆਪ ਨੂੰ ਬਚਾਏ ਨਹੀਂ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਿੜਕਦਿਆਂ ਕਿਹਾ ਸੀ ਕਿ ਤੁਸੀਂ ਸਿਰਫ ਕਾਰੋਬਾਰ ਵਿਚ ਦਿਲਚਸਪੀ ਨਹੀਂ ਲੈ ਸਕਦੇ। ਲੋਕਾਂ ਦੀਆਂ ਮੁਸ਼ਕਲਾਂ ਵੀ ਵੇਖਣੀਆਂ ਪੈਣਗੀਆਂ।

ਇਹ ਵੀ ਪੜ੍ਹੋ : ਬਦਲ ਗਿਆ ਹੈ ਸੜਕ ਹਾਦਸੇ ਨਾਲ ਸੰਬੰਧਤ ਕਾਨੂੰਨ, ਮੌਤ 'ਤੇ ਕੰਪਨੀ ਦੇਵੇਗੀ ਜੁਰਮਾਨਾ ਤੇ ਮਦਦਗਾਰ ਨੂੰ ਮਿਲੇਗੀ ਰਾਹਤ

ਇਸ ਫੈਸਲੇ ਦਾ ਆਮ ਆਦਮੀ 'ਤੇ ਕੀ ਪ੍ਰਭਾਵ ਪਏਗਾ

ਤਾਲਾਬੰਦੀ ਮਾਰਚ ਵਿਚ ਕੋਰੋਨਾ ਆਫ਼ਤ ਕਾਰਨ ਲਾਗੂ ਕੀਤੀ ਗਈ ਸੀ। ਦੇਸ਼ ਭਰ ਦੇ ਕਾਰੋਬਾਰ ਤਾਲਾਬੰਦੀ ਹੋਣ ਕਾਰਨ ਬੰਦ ਹੋ ਗਏ ਸਨ, ਬਹੁਤ ਸਾਰੇ ਲੋਕ ਲੋਨ ਦੀ EMI ਵਾਪਸ ਨਾ ਕਰਨ ਦੀ ਸਥਿਤੀ ਵਿਚ ਸਨ। ਇਸ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਆਦੇਸ਼ਾਂ 'ਤੇ ਬੈਂਕਾਂ ਤੋਂ ਆਮ ਲੋਕਾਂ ਨੂੰ ਈਐਮਆਈ ਦਾ ਭੁਗਤਾਨ ਨਾ ਕਰਨ ਲਈ 6 ਮਹੀਨਿਆਂ ਦੀ ਮਿਆਦ ਦਿੱਤੀ ਗਈ। ਪਰ ਸਭ ਤੋਂ ਵੱਡੀ ਮੁਸ਼ਕਲ ਮੋਰੇਟੋਰਿਅਮ ਦੇ ਬਦਲੇ ਲੱਗਣ ਵਾਲੇ ਵਾਧੂ ਚਾਰਜ ਨੂੰ ਲੈ ਕੇ ਸੀ। ਇਹ ਵਾਧੂ ਚਾਰਜ ਕਰਜ਼ੇ ਲੈਣ ਵਾਲੇ ਖ਼ਾਤਾਧਾਰਕਾਂ ਵੱਡਾ ਬੋਝ ਬਣ ਰਿਹਾ ਸੀ। ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਇਸ ਰਾਹਤ ਦਾ ਅਰਥ ਇਹ ਹੈ ਕਿ ਜੋ ਲੋਕ ਕਰਜ਼ਾ ਮੁਆਫੀ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਹੁਣ ਵਿਆਜ਼ 'ਤੇ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਅਜਿਹੇ ਖ਼ਾਤਾਧਾਰਕ ਹੁਣ ਲੋਨ 'ਤੇ ਸਿਰਫ ਆਮ ਵਿਆਜ ਦਾ ਭੁਗਤਾਨ ਹੀ ਕਰਨਗੇ।

ਇਹ ਵੀ ਪੜ੍ਹੋ : RBI ਨੇ 6 ਸਰਕਾਰੀ ਬੈਂਕਾਂ ਨੂੰ ਇਸ ਸੂਚੀ ਤੋਂ ਕੱਢਿਆ ਬਾਹਰ, ਇਸ ਕਾਰਨ ਲਿਆ ਫ਼ੈਸਲਾ


author

Harinder Kaur

Content Editor

Related News