PM ਮੋਦੀ ਕੱਲ੍ਹ ਤੋਂ ਭੂਟਾਨ ਯਾਤਰਾ ''ਤੇ, ਵਿਦਿਆਰਥੀਆਂ ਨੂੰ ਵੀ ਕਰਨਗੇ ਸੰਬੋਧਿਤ

Friday, Aug 16, 2019 - 02:32 PM (IST)

PM ਮੋਦੀ ਕੱਲ੍ਹ ਤੋਂ ਭੂਟਾਨ ਯਾਤਰਾ ''ਤੇ, ਵਿਦਿਆਰਥੀਆਂ ਨੂੰ ਵੀ ਕਰਨਗੇ ਸੰਬੋਧਿਤ

ਥਿੰਪੂ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (17 ਅਗਸਤ) ਨੂੰ ਭੂਟਾਨ ਦੀ ਦੋ ਦਿਨੀਂ ਅਧਿਕਾਰਕ ਯਾਤਰਾ 'ਤੇ ਜਾਣਗੇ। ਮੋਦੀ 17 ਅਗਸਤ ਨੂੰ ਪਾਰੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਮਗਰੋਂ ਉਹ ਸੇਮੋਥਾ ਦਜੋਂਗ ਜਾਣਗੇ। ਉਸੇ ਦਿਨ ਮੋਦੀ ਤਾਸ਼ਿਚੋਂਡਜੋਂਗ ਦਾ ਦੌਰਾ ਕਰਨਗੇ, ਜਿੱਥੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ ਜਾਵੇਗਾ।

ਮੋਦੀ ਦੇ ਇਸ ਦੌਰੇ ਦੌਰਾਨ ਸਿੱਖਿਆ ਜਿਹੇ ਖੇਤਰਾਂ ਵਿਚ ਦੋ ਕਰੀਬੀ ਗੁਆਂਢੀਆਂ ਵਿਚਾਲੇ 10 ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ। ਇਸ ਦੌਰਾਨ 5 ਉਦਘਾਟਨ ਸਮਾਰੋਹ ਹੋਣ ਦੀ ਵੀ ਆਸ ਹੈ, ਜਿਨ੍ਹਾਂ ਵਿਚ ਮੰਗਦੇਛੁ ਪਣਬਿਜਲੀ ਪਲਾਂਟ ਅਤੇ ਥਿੰਪੂ ਵਿਚ ਇਸਰੋ ਵੱਲੋਂ ਬਣਾਏ ਪ੍ਰਿਥਵੀ ਸਟੇਸ਼ਨ ਦਾ ਉਦਘਾਟਨ ਸ਼ਾਮਲ ਹੈ। ਤਾਸ਼ਿਚੋਡਜੋਂਗ ਵਿਚ ਮੋਦੀ ਭੂਟਾਨ ਦੇ ਰਾਜਾ ਜਿਗਮੇ ਨਾਮਗਿਆਲ ਵਾਂਗਚੁਕ ਨਾਲ ਮੁਲਾਕਾਤ ਕਰਨਗੇ। ਇੱਥੇ ਮਹਿਮਾਨ ਨੇਤਾ ਦੇ ਸਨਮਾਨ ਵਿਚ ਇਕ ਸੱਭਿਆਚਾਰਕ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ। ਇਸ ਮਗਰੋਂ ਮੋਦੀ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਗੇ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਮੋਦੀ ਦੇ ਸਨਮਾਨ ਵਿਚ ਛੀਪਰੇਲ ਬਰਾਤ ਵੀ ਕੱਢੀ ਜਾਵੇਗੀ।

ਫਿਰ ਮੋਦੀ ਆਪਣੇ ਭੂਟਾਨੀ ਹਮਰੁਤਬਾ ਲੋਟੇ ਸ਼ੇਰਿੰਗ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਇਸ ਯਾਤਰਾ ਦੀ ਵਿਸ਼ੇਸ਼ਤਾ ਮੰਗਦੇਛੂ ਪਣਬਿਜਲੀ ਪ੍ਰਾਜੈਕਟ ਦਾ ਉਦਘਾਟਨ ਹੋਵੇਗੀ। ਫਿਰ ਮੋਦੀ ਰਾਸ਼ਟਰੀ ਸਮਾਰਕ ਚੋਰਟੇਨ ਵੀ ਜਾਣਗੇ। ਆਪਣੀ ਯਾਤਰਾ ਦੇ ਦੂਜੇ ਦਿਨ ਮੋਦੀ ਭੂਟਾਨ ਦੀ ਰੋਇਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਨਗੇ। ਆਪਣੀ ਯਾਤਰਾ ਖਤਮ ਕਰਨ ਮਗਰੋਂ ਮੋਦੀ ਐਤਵਾਰ ਨੂੰ ਪਾਰੋ (ਭੂਟਾਨ) ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗੇ।


author

Vandana

Content Editor

Related News