IKG PTU ਦੇ ਕਨਵੋਕੇਸ਼ਨ ''ਚ ਪੁੱਜੇ ਰਾਜਪਾਲ ਕਟਾਰੀਆ; 1,644 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ

Tuesday, Oct 27, 2026 - 07:21 PM (IST)

IKG PTU ਦੇ ਕਨਵੋਕੇਸ਼ਨ ''ਚ ਪੁੱਜੇ ਰਾਜਪਾਲ ਕਟਾਰੀਆ; 1,644 ਵਿਦਿਆਰਥੀਆਂ ਨੂੰ ਮਿਲੀਆਂ ਡਿਗਰੀਆਂ

ਕਪੂਰਥਲਾ: ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (IKG PTU), ਕਪੂਰਥਲਾ ਦਾ 15ਵਾਂ ਕਨਵੋਕੇਸ਼ਨ ਸਮਾਰੋਹ ਮੰਗਲਵਾਰ ਨੂੰ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਖੋਜਾਰਥੀਆਂ, ਪੋਸਟ ਗ੍ਰੈਜੂਏਟ ਅਤੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਕਨਵੋਕੇਸ਼ਨ ਦੀ ਸ਼ੁਰੂਆਤ ਮਾਣਯੋਗ ਰਾਜਪਾਲ ਦੇ ਆਗਮਨ ਨਾਲ ਹੋਈ। ਇਸ ਉਪਰੰਤ ਵੰਦੇ ਮਾਤਰਮ, ਸ਼ਬਦ ਗਾਇਨ, ਰਵਾਇਤੀ ਦੀਪ ਪ੍ਰਜਵਲਨ ਅਤੇ ਕਨਵੋਕੇਸ਼ਨ ਦੇ ਰਸਮੀ ਉਦਘਾਟਨ ਦੀਆਂ ਰਸਮਾਂ ਨਿਭਾਈਆਂ ਗਈਆਂ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਤੋਂ ਬਾਅਦ ਪੀਐੱਚ.ਡੀ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਵਿਅਕਤੀਗਤ ਸਫ਼ਲਤਾ ਹਾਸਲ ਕਰਨਾ ਹੀ ਨਹੀਂ, ਸਗੋਂ ਸਮਾਜ, ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ, ਉੱਤਮਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਅਪਣਾਉਣ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉੱਦਮਤਾ ਨੂੰ ਉਤਸ਼ਾਹਿਤ ਕਰਨ, ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਵਿਗਿਆਨਕ ਸੋਚ ਵਿਕਸਿਤ ਕਰਨ ਅਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ।

ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਖੋਜ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ, ਉਦਯੋਗਾਂ ਨਾਲ ਸਹਿਯੋਗ ਮਜ਼ਬੂਤ ਕਰਨ ਅਤੇ ਸਮਾਜਿਕ ਤੇ ਪੇਂਡੂ ਸਮੱਸਿਆਵਾਂ ਦੇ ਵਿਹਾਰਕ ਹੱਲ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ, ਖੋਜ ਅਤੇ ਨਵੀਨਤਾ ਨਾਲ ਸਬੰਧਤ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ 15ਵੇਂ ਕਨਵੋਕੇਸ਼ਨ ਦੌਰਾਨ ਇੰਜੀਨੀਅਰਿੰਗ, ਮੈਨੇਜਮੈਂਟ, ਫਾਰਮੇਸੀ ਅਤੇ ਮਨੁੱਖੀ ਮੁੱਲਾਂ ਸਮੇਤ ਵੱਖ-ਵੱਖ ਖੇਤਰਾਂ ਦੇ 1,094 ਖੋਜਾਰਥੀਆਂ ਨੂੰ ਪੀਐੱਚ.ਡੀ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਸਾਲ 2016 ਤੋਂ 2023 ਦੌਰਾਨ ਅਕਾਦਮਿਕ ਪ੍ਰਾਪਤੀਆਂ ਲਈ 281 ਪੋਸਟ ਗ੍ਰੈਜੂਏਟ ਅਤੇ 269 ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਖੋਜ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪ੍ਰੋ. (ਡਾ.) ਬਾਂਸਲ ਨੇ ਦੱਸਿਆ ਕਿ ਬੀਤੇ ਅਕਾਦਮਿਕ ਸਾਲ ਦੌਰਾਨ ਯੂਨੀਵਰਸਿਟੀ ਨੂੰ ਪੰਜ ਪੇਟੈਂਟ ਪ੍ਰਾਪਤ ਹੋਏ। ਇਸ ਤੋਂ ਇਲਾਵਾ, ਤਿੰਨ ਫੰਡਿੰਗ ਏਜੰਸੀਆਂ ਦੇ ਸਹਿਯੋਗ ਨਾਲ ਤਿੰਨ ਸਪਾਂਸਰਡ ਖੋਜ ਪ੍ਰੋਜੈਕਟ ਚਲਾਏ ਗਏ, ਜਿਨ੍ਹਾਂ ਲਈ ਲਗਭਗ 63.9 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ। ਯੂਨੀਵਰਸਿਟੀ ਨੂੰ ਦੋ ਸੰਸਥਾਵਾਂ ਤੋਂ ਲਗਭਗ 1.78 ਲੱਖ ਰੁਪਏ ਦੀ ਕੁੱਲ ਕੀਮਤ ਵਾਲੇ ਚਾਰ ਕੰਸਲਟੈਂਸੀ ਪ੍ਰੋਜੈਕਟ ਵੀ ਪ੍ਰਾਪਤ ਹੋਏ।

ਹੋਰ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਤਾਜ਼ਾ ਸਕੋਪਸ ਰਿਪੋਰਟ ਅਨੁਸਾਰ ਯੂਨੀਵਰਸਿਟੀ ਦੇ ਖੋਜ ਪੱਤਰਾਂ ਦੀ ਕੁੱਲ ਗਿਣਤੀ 7,467 ਹੋ ਗਈ ਹੈ। ਇਨ੍ਹਾਂ ਵਿੱਚੋਂ ਲਗਭਗ 1,000 ਖੋਜ ਪੱਤਰ ਮੁੱਖ ਕੈਂਪਸ ਅਤੇ ਸੰਘਟਕ ਕੈਂਪਸਾਂ ਦੇ ਫੈਕਲਟੀ ਮੈਂਬਰਾਂ ਦੇ ਯੋਗਦਾਨ ਨਾਲ ਪ੍ਰਕਾਸ਼ਿਤ ਹੋਏ ਹਨ। ਅਕਾਦਮਿਕ ਸਾਲ 2025–26 ਦੌਰਾਨ ਯੂਨੀਵਰਸਿਟੀ ਦੇ ਕੈਂਪਸਾਂ ਵੱਲੋਂ 118 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਗਏ, ਜਿਨ੍ਹਾਂ ਵਿੱਚ 52 ਐਸਸੀਆਈ ਅਤੇ 39 ਸਕੋਪਸ ਇੰਡੈਕਸਡ ਖੋਜ ਪੱਤਰ ਸ਼ਾਮਲ ਹਨ।

ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ, ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਅਤੇ ਮੈਂਬਰਾਂ ਵਿੱਚ ਸ਼ਾਮਲ ਪ੍ਰੋ. ਸੰਜੀਵ ਕੁਮਾਰ ਸ਼ਰਮਾ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਅਕਾਦਮਿਕ ਕੌਂਸਲ ਦੇ ਮੈਂਬਰਾਂ, ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਫੈਕਲਟੀ ਮੈਂਬਰਾਂ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯੋਗਦਾਨ ਨਾਲ ਕਨਵੋਕੇਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।

ਸਮਾਗਮ ਦੇ ਅੰਤ ਵਿਚ ਵਾਈਸ ਚਾਂਸਲਰ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਦੀ ਸਹੁੰ ਚੁਕਾਈ। ਇਸ ਮੌਕੇ ਵਿਦਿਆਰਥੀਆਂ ਨੇ ਇਮਾਨਦਾਰੀ, ਪੇਸ਼ੇਵਰ ਉੱਤਮਤਾ ਅਤੇ ਸਮਾਜ ਤੇ ਦੇਸ਼ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
 


author

Anmol Tagra

Content Editor

Related News