ਭਾਰਤ ਦੇ ਭੰਡਾਰੀ ਆਈ. ਸੀ. ਜੇ ''ਚ ਦੁਬਾਰਾ ਚੁਣੇ ਗਏ ਜੱਜ, ਬ੍ਰਿਟੇਨ ਨੇ ਕਿਹਾ ਕਰੀਬੀ ਦੋਸਤ ਭਾਰਤ ਦੀ ਜਿੱਤ ਤੋਂ ਹਾਂ ਖੁਸ਼
Tuesday, Nov 21, 2017 - 11:06 AM (IST)

ਸੰਯੁਕਤ ਰਾਸ਼ਟਰ(ਭਾਸ਼ਾ)— ਕੌਮਾਂਤਰੀ ਅਦਾਲਤ ਵਿਚ ਭਾਰਤ ਵੱਲੋਂ ਨਾਮਿਤ ਦਲਵੀਰ ਭੰਡਾਰੀ ਦੇ ਅੱਜ ਦੁਬਾਰਾ ਚੁਣੇ ਜਾਣ ਉੱਤੇ ਬ੍ਰਿਟੇਨ ਦਾ ਕਹਿਣਾ ਹੈ ਕਿ ਉਹ ਕਰੀਬੀ ਦੋਸਤ ਭਾਰਤ ਦੀ ਜਿੱਤ ਤੋਂ ਖੁਸ਼ ਹੈ। ਮਹਾਸਭਾ ਵਿਚ ਭੰਡਾਰੀ ਨੂੰ ਮਿਲ ਰਹੇ ਵਿਆਪਕ ਸਮਰਥਨ ਦੇ ਬਾਅਦ ਕੌਮਾਂਤਰੀ ਅਦਾਲਤ ਦੀ ਇਸ ਬਹੁਤ ਔਖੀ ਦੋੜ ਤੋਂ ਬ੍ਰਿਟੇਨ ਨੂੰ ਆਪਣੇ ਉਮੀਦਾਰ ਦਾ ਨਾਮ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਕੌਮਾਂਤਰੀ ਅਦਾਲਤ ਦੇ 5 ਵਿਚੋਂ 4 ਜੱਜਾਂ ਦੀ ਚੋਣ ਤੋਂ ਬਾਅਦ 5ਵੇਂ ਜੱਜ ਦੇ ਤੌਰ ਉੱਤੇ ਦੁਬਾਰਾ ਚੁਣੇ ਜਾਣ ਲਈ ਭਾਰਤ ਦੇ ਭੰਡਾਰੀ ਅਤੇ ਬ੍ਰਿਟੇਨ ਦੇ ਕ੍ਰਿਸਟੋਫਰ ਗਰੀਨਵੁੱਡ ਵਿਚਕਾਰ ਬਹੁਤ ਸਖਤ ਮੁਕਾਬਲਾ ਸੀ। 70 ਸਾਲਾ ਭੰਡਾਰੀ ਦੀ ਜਿੱਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ ਹੈ, ''ਵੰਦੇ ਮਾਰਤਮ- ਭਾਰਤ ਨੇ ਕੌਮਾਂਤਰੀ ਅਦਾਲਤ ਲਈ ਚੋਣ ਜਿੱਤੀ। ਜੈ ਹਿੰਦ।'' ਸੰਯੁਕਤ ਰਾਸ਼ਟਰ ਮਹਾਸਭਾ ਵਿਚ ਭੰਡਾਰੀ ਨੂੰ 193 ਵਿਚੋਂ 183 ਵੋਟ ਮਿਲੇ ਜਦੋਂ ਕਿ ਸੁਰੱਖਿਆ ਪ੍ਰੀਸ਼ਦ ਵਿਚ ਸਾਰੀਆਂ 15 ਵੋਟਾਂ ਭਾਰਤ ਦੇ ਪੱਖ ਵਿਚ ਗਈਆਂ। ਇਸ ਚੋਣ ਲਈ ਨਿਊਯਾਰਕ ਸਥਿਤ ਸੰਗਠਨ ਦੇ ਹੈਡਕੁਆਰਟਰ ਵਿਚ ਵੱਖ ਤੋਂ ਵੋਟਿੰਗ ਕਰਵਾਈ ਗਈ ਸੀ। ਭੰਡਾਰੀ ਦੇ ਜਿੱਤ ਦੀ ਘੋਸ਼ਣਾ ਹੋਣ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਮਹਾਸਭਾ ਅੰਦਰ ਹੋਰ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸੰਗਠਨ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂੱਦੀਨ ਨੂੰ ਵਧਾਈ ਦਿੱਤੀ। ਇਸ ਦੌਰ ਦੀ ਵੋਟਿੰਗ ਤੋਂ ਪਹਿਲਾਂ ਬ੍ਰਿਟੇਨ ਵੱਲੋਂ ਬਹੁਤ ਹੀ ਹੈਰਾਨੀਜਨਕ ਤਰੀਕੇ ਨਾਲ ਆਪਣੇ ਉਮੀਦਵਾਰ ਦਾ ਨਾਮ ਵਾਪਸ ਲਏ ਜਾਣ ਕਾਰਨ ਹੇਗ ਸਥਿਤ ਕੌਮਾਂਤਰੀ ਅਦਾਲਤ ਲਈ ਭੰਡਾਰੀ ਦਾ ਦੁਬਾਰਾ ਚੁਣੇ ਜਾਣਾ ਸੰਭਵ ਹੋ ਸਕਿਆ ਹੈ।ਅਜਿਹਾ ਮੰਨਿਆ ਜਾ ਰਿਹਾ ਸੀ ਕਿ ਸੁਰੱਖਿਆ ਪ੍ਰੀਸ਼ਦ ਵਿਚ ਸਥਾਈ ਮੈਂਬਰ ਅਮਰੀਕਾ, ਰੂਸ, ਫ਼ਰਾਂਸ ਅਤੇ ਚੀਨ ਗਰੀਨਵੁੱਡ ਦੇ ਪੱਖ ਵਿਚ ਹਨ।
ਧਿਆਨਦੇਣ ਯੋਗ ਹੈ ਕਿ ਬ੍ਰਿਟੇਨ ਸੁਰੱਖਿਆ ਪ੍ਰੀਸ਼ਦ ਦਾ ਪੰਜਵਾ ਸਥਾਈ ਮੈਂਬਰ ਹੈ। ਹੈਰਾਨੀਜਨਕ ਘਟਨਾਕਰਮ ਵਿਚ ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੇ ਸਥਾਈ ਪ੍ਰਤੀਨਿਧੀ ਮੈਥਿਊ ਰਿਕਰੋਫਟ ਨੇ ਦੁਪਹਿਰੋਂ ਬਾਅਦ 3 ਵਜੇ ਹੋਣ ਵਾਲੀ 12ਵੇਂ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ ਦੋਵਾਂ ਸਦਨਾਂ ਦੇ ਪ੍ਰਧਾਨਾਂ ਨੂੰ ਸੰਬੋਧਿਤ ਕਰਦੇ ਹੋਏ ਇਕ ਪੱਤਰ ਲਿਖਿਆ। ਦੋਵਾਂ ਪ੍ਰਧਾਨਾਂ ਦੇ ਸਾਹਮਣੇ ਪੜ੍ਹੇ ਗਏ ਪੱਤਰ ਵਿਚ ਰਿਕਰੋਫਟ ਨੇ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਜੱਜ ਕ੍ਰਿਸਟੋਫਰ ਗਰੀਨਵੁੱਡ ਨੇ 15 ਮੈਂਬਰੀ ਆਈ.ਸੀ.ਜੇ. ਤੋਂ ਆਪਣਾ ਨਾਮ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਹ ਅਤੇ ਭੰਡਾਰੀ ਆਈ.ਸੀ.ਜੇ. ਵਿਚ 9 ਸਾਲ ਦੇ ਕਾਰਜਕਾਲ ਲਈ ਆਮੋਂ-ਸਾਹਮਣੇ ਸਨ। ਵੋਟਿੰਗ ਦੇ ਪਹਿਲੇ 11 ਦੌਰ ਵਿਚ ਭੰਡਾਰੀ ਨੂੰ ਮਹਾਸਭਾ ਵਿਚ ਕਰੀਬ 2 ਤਿਹਾਈ ਵੋਟ ਮਿਲੇ ਸਨ, ਜਦੋਂ ਕਿ ਗਰੀਨਵੁੱਡ ਨੂੰ ਸੁਰੱਖਿਆ ਪ੍ਰੀਸ਼ਦ ਵਿਚ ਲਗਾਤਾਰ 9 ਵੋਟ ਮਿਲ ਰਹੇ ਸਨ। ਇਸ ਦੇ ਬਾਅਦ ਹੀ ਦੋਵਾਂ ਪੱਖਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ। ਜੱਜ ਦਲਵੀਰ ਭੰਡਾਰੀ ਦੀ ਜਿੱਤ ਉੱਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਬ੍ਰਿਟੇਨ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਅਤੇ ਸੰਸਾਰਿਕ ਮੰਚਾਂ ਉੱਤੇ ਭਾਰਤ ਨਾਲ ਆਪਣਾ ਕਰੀਬੀ ਸਹਿਯੋਗ ਜਾਰੀ ਰੱਖੇਗਾ। ਰਿਕਰੋਫਟ ਵੱਲੋਂ ਲਿਖੀ ਗਈ ਚਿੱਠੀ ਵਿਚ ਕਿਹਾ ਗਿਆ ਹੈ, ''ਬ੍ਰਿਟਨ ਇਸ ਸਿੱਟੇ ਉੱਤੇ ਪਹੁੰਚਿਆ ਹੈ ਕਿ ਅਗਲੇ ਦੌਰਾਂ ਦੀਆਂ ਚੋਣਾਂ ਨਾਲ ਸੁਰੱਖਿਆ ਪ੍ਰੀਸ਼ਦ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦਾ ਕੀਮਤੀ ਸਮਾਂ ਬਰਬਾਦ ਕਰਨਾ ਠੀਕ ਨਹੀਂ ਹੈ।'' ਉਨ੍ਹਾਂ ਕਿਹਾ ਕਿ ਬ੍ਰਿਟੇਨ ਭਾਰਤ ਦੇ ਜੱਜ ਭੰਡਾਰੀ ਸਮੇਤ ਸਾਰੇ ਸਫਲ ਜੱਜਾਂ ਨੂੰ ਵਧਾਈ ਦਿੰਦਾ ਹੈ। ਬ੍ਰਿਟੇਨ ਦਾ ਕਹਿਣਾ ਹੈ ਕਿ ਉਸ ਦਾ ਨਿਰਾਸ਼ ਹੋਣਾ ਸੁਭਾਵਕ ਹੈ ਪਰ ਇਹ 6 ਉਮੀਦਵਾਰਾਂ ਵਿਚਕਾਰ ਸਖਤ ਮੁਕਾਬਲਾ ਸੀ। ਕੌਮਾਂਤਰੀ ਅਦਾਲਤ ਦੇ 71 ਸਾਲਾਂ ਦੇ ਇਤਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਉਸ ਦੀ ਬੈਂਚ ਵਿਚ ਇਕ ਵੀ ਬ੍ਰਿਟਿਸ਼ ਨਹੀਂ ਹੈ।