RSS ਮੁਖੀ ਭਾਗਵਤ ਨੇ ਕਿਸਾਨਾਂ ਨੂੰ ਗਊ ਆਧਾਰਿਤ ਖੇਤੀ ਕਰਨ ਦਾ ਦਿੱਤਾ ਸੰਦੇਸ਼
Monday, Mar 20, 2023 - 10:05 AM (IST)
ਮੇਰਠ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਸਾਨਾਂ ਨੂੰ ਗਊ-ਆਧਾਰਤ ਖੇਤੀ ਅਪਣਾਉਣ ਦੀ ਸਲਾਹ ਦਿੰਦੇ ਹੋਏ ਐਤਵਾਰ ਕਿਹਾ ਕਿ ਖੇਤੀ ਦੇ ਤਰੀਕਿਆਂ ਵਿਚ ਤਬਦੀਲੀ ਦੇਸ਼ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਫਾਇਦੇਮੰਦ ਹੈ। ਭਾਗਵਤ ਨੇ ਹਸਤੀਨਾਪੁਰ ਵਿਖੇ ਭਾਰਤੀ ਕਿਸਾਨ ਸੰਘ ਵੱਲੋਂ ਆਯੋਜਿਤ 3 ਰੋਜ਼ਾ ਗਊ ਆਧਾਰਿਤ ਜੈਵਿਕ ਖੇਤੀ ਕਿਸਾਨ ਸੰਮੇਲਨ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਊ ਆਧਾਰਿਤ ਖੇਤੀ ਕੁਦਰਤ ਦੇ ਚੱਕਰ ਨੂੰ ਵਿਗਾੜਦੀ ਨਹੀਂ। ਸਾਡੇ ਕਿਸਾਨ ਚਿੰਤਤ ਹਨ। ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਇਸ ਲਈ ਖੇਤੀ ਲਾਗਤ ਨੂੰ ਘੱਟ ਕਰਨਾ ਪਏਗਾ। ਇਹ ਗਊ ਅਧਾਰਿਤ ਖੇਤੀ ਨਾਲ ਹੀ ਸੰਭਵ ਹੈ।
ਉਨ੍ਹਾਂ ਕਿਸਾਨਾਂ ਨੂੰ ਰਸਾਇਣਕ ਖੇਤੀ ਛੱਡ ਕੇ ਗਊ-ਆਧਾਰਿਤ ਖੇਤੀ ਨੂੰ ਅਪਣਾਉਣ ਲਈ ਕਿਹਾ। ਸਾਡੀ ਜ਼ਮੀਨ 10 ਹਜ਼ਾਰ ਸਾਲ ਤੋਂ ਵੱਧ ਸਮੇਂ ਤੋਂ ਵਾਹੀ ਜਾ ਰਹੀ ਹੈ। ਇਹ ਅਜੇ ਵੀ ਉਪਜਾਊ ਹੈ। ਅਸੀਂ ਖੇਤੀ ਉਤਪਾਦਨ ਨੂੰ ਅੰਨ੍ਹੇਵਾਹ ਵਧਾ ਕੇ ਨੁਕਸਾਨ ਹੁੰਦਾ ਦੇਖਿਆ ਹੈ। ਰਸਾਇਣਾਂ (ਖਾਦਾਂ) ਦੀ ਵਰਤੋਂ ਕਰ ਕੇ ਖੇਤੀ ਕਰਨ ਨਾਲ ਰਸਾਇਣ ਸਾਡੇ ਸਰੀਰ ਦੇ ਅੰਦਰ ਜਾ ਕੇ ਸਾਨੂੰ ਬਿਮਾਰ ਕਰ ਰਹੇ ਹਨ।