105 ਸਾਲ ਦੀ ਬੇਬੇ ਦਾ ਸੁਪਨਾ ਹੋਇਆ ਪੂਰਾ, ਚੌਥੀ ਜਮਾਤ ਦੀ ਦਿੱਤੀ ਪ੍ਰੀਖਿਆ
Wednesday, Nov 20, 2019 - 02:01 PM (IST)
ਤਿਰੁਅਨੰਤਪੂਰਮ (ਭਾਸ਼ਾ)— ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ, ਇਸ ਦੀ ਸ਼ੁਰੂਆਤ ਕਦੇ ਵੀ ਹੋ ਸਕਦੀ ਹੈ। ਬਸ ਇਨਸਾਨ ਅੰਦਰ ਪੜ੍ਹਨ ਦਾ ਜਨੂੰਨ ਹੋਣਾ ਚਾਹੀਦਾ ਹੈ। ਕੁਝ ਅਜਿਹਾ ਹੀ ਜਨੂੰਨ ਸੀ ਕੇਰਲ ਦੀ ਭਾਗੀਰਥੀ ਅੰਮਾ 'ਚ, ਜਿਸ ਨੇ 105 ਸਾਲ ਦੀ ਉਮਰ 'ਚ ਮਿਸਾਲ ਕਾਇਮ ਕਰ ਦਿੱਤੀ ਹੈ। ਭਾਗੀਰਥੀ ਅੰਮਾ ਨੇ ਸੂਬਾਈ ਸਾਖਰਤਾ ਮਿਸ਼ਨ ਤਹਿਤ ਚੌਥੇ ਵਰਗ ਦੇ ਬਰਾਬਰ ਦੀ ਪ੍ਰੀਖਿਆ 'ਚ ਹਿੱਸਾ ਲਿਆ ਹੈ। ਉਹ ਹਮੇਸ਼ਾ ਤੋਂ ਹੀ ਪੜ੍ਹਨਾ ਚਾਹੁੰਦੀ। ਆਪਣੀ ਮਾਂ ਦੀ ਮੌਤ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਇਹ ਸੁਪਨਾ ਛੱਡਣਾ ਪਿਆ, ਕਿਉਂਕਿ ਇਸ ਤੋਂ ਬਾਅਦ ਭਰਾ-ਭੈਣਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਆ ਗਈ ਸੀ।
ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਜਦੋਂ ਉਹ ਉੱਭਰੀ ਉਦੋਂ ਤਕ 30 ਸਾਲ ਦੀ ਉਮਰ 'ਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਅਤੇ ਫਿਰ 6 ਬੱੱਚਿਆਂ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੀ ਆ ਗਈ। ਜ਼ਿੰਦਗੀ ਦੀ ਜੱਦੋ-ਜਹਿਦ ਨੇ ਭਾਵੇਂ ਹੀ ਲਗਾਤਾਰ ਉਨ੍ਹਾਂ ਨੂੰ ਪੜ੍ਹਾਈ ਤੋਂ ਦੂਰ ਰੱਖਿਆ ਪਰ ਉਹ ਆਪਣਾ ਸੁਪਨਾ ਕਿਤੇ ਦਬਾ ਕੇ ਬੈਠੀ ਹੋਈ ਸੀ ਅਤੇ ਜਦੋਂ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਇਸ ਨੂੰ ਪੂਰਾ ਕਰਨ ਦੀ ਸੋਚੀ। ਜਦੋਂ ਉਹ ਚੌਥੀ ਜਮਾਤ ਦੀ ਪ੍ਰੀਖਿਆ ਦੇ ਰਹੀ ਸੀ ਤਾਂ ਉਹ ਮਹਿਜ ਪ੍ਰੀਖਿਆ ਹੀ ਨਹੀਂ ਦੇ ਰਹੀ ਸੀ, ਸਗੋਂ ਕਿ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਦੁਨੀਆ ਦੇ ਲੋਕਾਂ ਲਈ ਮਿਸਾਲ ਕਾਇਮ ਕਰ ਰਹੀ ਸੀ।
ਸਾਖਰਤਾ ਮਿਸ਼ਨ ਦੇ ਮਾਹਰ ਵਸੰਤ ਕੁਮਾਰ ਨੇ ਦੱਸਿਆ ਕਿ ਭਾਗੀਰਥੀ ਅੰਮਾ ਨੂੰ ਲਿਖਣ 'ਚ ਮੁਸ਼ਕਲ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਵਾਤਾਵਰਣ, ਗਣਿਤ ਅਤੇ ਮਲਿਆਲਮ ਦੇ 3 ਪ੍ਰਸ਼ਨ ਪੱਤਰਾਂ ਦਾ ਹੱਲ 3 ਦਿਨਾਂ 'ਚ ਲਿਖਿਆ ਹੈ ਅਤੇ ਇਸ ਵਿਚ ਉਨ੍ਹਾਂ ਦੀ ਛੋਟੀ ਧੀ ਨੇ ਮਦਦ ਕੀਤੀ ਹੈ। ਕੁਮਾਰ ਨੇ ਦੱਸਿਆ ਕਿ ਅੰਮਾ ਪ੍ਰੀਖਿਆ 'ਚ ਹਿੱਸਾ ਲੈ ਕੇ ਖੁਸ਼ ਹੈ। ਅੰਮਾ ਜਦੋਂ 9 ਸਾਲ ਦੀ ਸੀ ਤਾਂ ਉਹ ਤੀਜੀ ਜਮਾਤ 'ਚ ਪੜ੍ਹਦੀ ਸੀ ਅਤੇ ਇਸ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਸੂਬੇ ਦੇ ਇਸ ਸਾਖਰਤਾ ਮਿਸ਼ਨ ਦਾ ਟੀਚਾ ਅਗਲੇ 4 ਸਾਲਾਂ ਵਿਚ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਸਾਖਰ ਬਣਾਉਣਾ ਹੈ। 2011 ਦੇ ਅੰਕੜੇ ਮੁਤਾਬਕ ਸੂਬੇ 'ਚ 18.5 ਲੱਖ ਲੋਕ ਅਨਪੜ੍ਹ ਹਨ।