ਜ਼ਿਮਨੀ ਚੋਣਾਂ ਨਤੀਜੇ: ਭਵਾਨੀਪੁਰ ਸੀਟ ’ਤੇ ਮਮਤਾ ਦੀ ਵੱਡੀ ਜਿੱਤ, ਭਾਜਪਾ ਦੀ ਪ੍ਰਿਯੰਕਾ ਨੂੰ ਦਿੱਤੀ ਮਾਤ
Sunday, Oct 03, 2021 - 03:05 PM (IST)
ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਸੀਟ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮਮਤਾ ਬੈਨਰਜੀ ਨੇ ਭਾਜਪਾ ਨੇਤਾ ਪ੍ਰਿਯੰਕਾ ਟਿਬਰੇਵਾਲ ਨੂੰ 58,832 ਵੋਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਮਮਤਾ ਲਈ ਇਹ ਸੀਟ ਵੱਕਾਰ ਦਾ ਵਿਸ਼ਾ ਬਣੀ ਹੋਈ ਸੀ। ਮਮਤਾ ਬੈਨਰਜੀ ਦਾ ਮੁੱਖ ਮੁਕਾਬਲਾ ਭਾਜਪਾ ਨੇਤਾ ਪ੍ਰਿਯੰਕਾ ਟਿਬਰੇਵਾਲ ਰਿਹਾ। ਮਮਤਾ ਬੈਨਰਜੀ ਨੂੰ ਇਨ੍ਹਾਂ ਚੋਣਾਂ ’ਚ ਕੁਲ 84,709 ਵੋਟਾਂ ਪਈਆਂ ਜਦਕਿ ਬੀ.ਜੇ.ਪੀ. ਦੀ ਪ੍ਰਿਯੰਕਾ ਟਿਬਰੇਵਾਲ ਨੂੰ 26,320 ਵੋਟਾਂ ਪਈਆਂ। ਉਂਝ ਇਸ ਭਵਾਨੀਪੁਰ ਸੀਟ ਤੋਂ ਭਾਜਪਾ ਨੇਤਾ ਪ੍ਰਿਯੰਕਾ ਟਿਬਰੇਵਾਲ, ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਨਾਲ ਰਿਹਾ।
I have won the Bhabanipur Assembly bypolls with a margin of 58,832 votes and have registered the victory in every ward of the constituency: Chief Minister Mamata Banerjee in Kolkata pic.twitter.com/EjK8htjUmC
— ANI (@ANI) October 3, 2021
ਦੱਸ ਦੇਈਏ ਕਿ ਇਸ ਸਾਲ ਅਪ੍ਰੈਲ-ਮਈ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਤੋਂ ਹਾਰ ਗਈ ਸੀ। ਭਵਾਨੀਪੁਰ ਜ਼ਿਮਨੀ ਚੋਣਾਂ ਵਿਚ ਮਮਤਾ ਫਿਰ ਮੈਦਾਨ ਵਿਚ ਆਈ। ਮੁੱਖ ਮੰਤਰੀ ਦੀ ਕੁਰਸੀ ’ਤੇ ਬਣੇ ਰਹਿਣ ਲਈ ਉਨ੍ਹਾਂ ਨੂੰ ਇਹ ਚੋਣ ਜਿੱਤਣਾ ਜ਼ਰੂਰੀ ਸੀ। 5 ਨਵੰਬਰ ਤੱਕ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਹੈ। ਸੀਨੀਅਰ ਰਾਜ ਨੇਤਾ ਸ਼ੋਭਨਦੇਵ ਚੱਟੋਪਾਧਿਆਏ ਨੇ ਭਵਾਨੀਪੁਰ ਵਿਧਾਨ ਸਭਾ ਸੀਟ ਛੱਡ ਦਿੱਤੀ ਸੀ, ਤਾਂ ਕਿ ਮਮਤਾ ਮੁੱਖ ਮੰਤਰੀ ਦੇ ਰੂਪ ਵਿਚ ਆਪਣਾ ਤੀਜਾ ਕਾਰਜਕਾਲ ਅੱਗੇ ਵਧਾ ਸਕੇ। ਭਵਾਨੀਪੁਰ ਮਮਤਾ ਬੈਨਰਜੀ ਦਾ ਵਿਧਾਨ ਸਭਾ ਖੇਤਰ ਗੜ੍ਹ ਅਤੇ ਘਰ ਵੀ ਹੈ। ਸਾਲ 2011 ਵਿਚ ਭਵਾਨੀਪੁਰ ਸੀਟ ਤੋਂ ਮਮਤਾ ਨੇ ਮਾਕਪਾ ਦੀ ਨੰਦਿਨੀ ਮੁਖਰਜੀ ਨੂੰ 54,213 ਵੋਟਾਂ ਨਾਲ ਹਰਾ ਕੇ ਜ਼ਿਮਨੀ ਚੋਣ ਜਿੱਤੀ ਸੀ। ਇਸ ਤੋਂ ਬਾਅਦ 2016 ਵਿਚ ਉਹ ਭਵਾਨੀਪੁਰ ਸੀਟ ਤੋਂ ਮੁੜ ਚੁਣੀ ਗਈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਕਾਂਗਰਸ ਦੇ ਉਮੀਦਵਾਰ ਦੀਪ ਦਾਸਮੁੰਸ਼ੀ ਨੂੰ 25,301 ਵੋਟਾਂ ਨਾਲ ਹਰਾਇਆ ਸੀ।