ਪੱਛਮੀ ਬੰਗਾਲ ਚੋਣਾਂ: ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ, 181 ਕਰੋੜ ਦੀ ਨਕਦੀ, ਸ਼ਰਾਬ ਤੇ ਨਸ਼ੀਲੇ ਪਦਾਰਥ ਜ਼ਬਤ
Monday, Mar 23, 2026 - 06:11 PM (IST)
ਕੋਲਕਾਤਾ: ਪੱਛਮੀ ਬੰਗਾਲ ਦੀਆਂ ਸਾਰੀਆਂ 294 ਵਿਧਾਨ ਸਭਾ ਸੀਟਾਂ 'ਤੇ ਆਦਰਸ਼ ਚੋਣ ਜ਼ਾਬਤਾ (MCC) ਨੂੰ ਬਹੁਤ ਹੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਦੀ ਮੁਸਤੈਦੀ ਕਾਰਨ ਹੁਣ ਤੱਕ 181 ਕਰੋੜ ਰੁਪਏ ਤੋਂ ਵੱਧ ਦੀ ਨਕਦੀ, ਸ਼ਰਾਬ, ਮਾਦਕ ਪਦਾਰਥ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਜਾ ਚੁੱਕੀ ਹੈ। ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਸੂਬੇ 'ਚ ਵਿਧਾਨ ਸਭਾ ਚੋਣਾਂ ਦੋ ਪੜਾਵਾਂ 'ਚ 23 ਅਪ੍ਰੈਲ ਤੇ 29 ਅਪ੍ਰੈਲ ਨੂੰ ਹੋਣਗੀਆਂ, ਜਦੋਂ ਕਿ ਨਤੀਜੇ 4 ਮਈ ਨੂੰ ਐਲਾਨੇ ਜਾਣਗੇ।
ਗੈਰ-ਕਾਨੂੰਨੀ ਪ੍ਰਚਾਰ ਸਮੱਗਰੀ ਵਿਰੁੱਧ ਵੱਡੀ ਕਾਰਵਾਈ
ਮੁੱਖ ਚੋਣ ਅਧਿਕਾਰੀ (CEO) ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਸੂਬੇ ਭਰ 'ਚ ਗੈਰ-ਕਾਨੂੰਨੀ ਸਿਆਸੀ ਇਸ਼ਤਿਹਾਰਾਂ ਤੇ ਪੋਸਟਰਾਂ ਨੂੰ ਹਟਾਉਣ ਲਈ ਇੱਕ ਵਿਆਪਕ ਮੁਹਿੰਮ ਚਲਾਈ ਗਈ ਹੈ। ਜਨਤਕ ਤੇ ਨਿੱਜੀ ਜਾਇਦਾਦਾਂ 'ਤੇ ਲਗਾਏ ਗਏ ਇਨ੍ਹਾਂ ਪੋਸਟਰਾਂ ਕਾਰਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ 3,11,829 ਤੇ ਨਿੱਜੀ ਜਾਇਦਾਦ ਦੀਆਂ 19,901 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸਬੰਧ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਹੁਣ ਤੱਕ 3,58,986 ਮਾਮਲੇ ਦਰਜ ਕੀਤੇ ਗਏ ਹਨ।
ਸੁਰੱਖਿਆ ਦੇ ਸਖ਼ਤ ਪ੍ਰਬੰਧ ਤੇ ਨਿਗਰਾਨੀ
ਚੋਣਾਂ ਦੌਰਾਨ ਪਾਰਦਰਸ਼ਤਾ ਬਣਾਈ ਰੱਖਣ ਤੇ ਨਕਦੀ ਦੇ ਗੈਰ-ਕਾਨੂੰਨੀ ਤਬਾਦਲੇ ਨੂੰ ਰੋਕਣ ਲਈ 1,800 ਤੋਂ ਵੱਧ ਉੱਡਣ ਦਸਤੇ (FST) ਅਤੇ 2,200 ਤੋਂ ਵੱਧ ਸਥਿਰ ਨਿਗਰਾਨੀ ਟੀਮਾਂ (SST) ਤਾਇਨਾਤ ਕੀਤੀਆਂ ਗਈਆਂ ਹਨ। ਕਾਨੂੰਨ ਵਿਵਸਥਾ ਨੂੰ ਲੈ ਕੇ ਕੋਲਕਾਤਾ ਪੁਲਸ ਤੇ ਕੇਂਦਰੀ ਬਲ ਪੂਰੀ ਤਰ੍ਹਾਂ ਚੌਕਸ ਹਨ। ਬੜਾਨਗਰ ਤੇ ਕਾਲੀਘਾਟ 'ਚ ਹੋਈਆਂ ਘਟਨਾਵਾਂ ਦੌਰਾਨ ਪੁਲਸ ਨੇ ਤੁਰੰਤ ਦਖਲ ਦੇ ਕੇ ਤਣਾਅ ਨੂੰ ਵਧਣ ਤੋਂ ਰੋਕਿਆ।
ਗ੍ਰਿਫਤਾਰੀਆਂ ਤੇ ਹਥਿਆਰਾਂ ਦੀ ਬਰਾਮਦਗੀ
ਪੁਲਸ ਵੱਲੋਂ ਵੋਟਰਾਂ ਨੂੰ ਡਰਾਉਣ-ਧਮਕਾਉਣ ਤੇ ਅਪਰਾਧਿਕ ਧਮਕੀਆਂ ਦੇਣ ਦੇ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਗਹਿਣ ਨਿਗਰਾਨੀ ਹੇਠ ਵੱਡੀ ਮਾਤਰਾ ਵਿੱਚ ਬਿਨਾਂ ਲਾਇਸੰਸੀ ਹਥਿਆਰ ਅਤੇ ਵਿਸਫੋਟਕ ਵੀ ਜ਼ਬਤ ਕੀਤੇ ਗਏ ਹਨ ਤਾਂ ਜੋ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
