ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ
Monday, May 23, 2022 - 12:26 PM (IST)

ਛਿੰਡਵਾੜਾ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਦਾ ਸੰਤੋਸ਼ ਸਾਹੂ ਭਾਵੇਂ ਹੀ ਦਿਵਿਆਂਗ ਹੋਵੇ ਅਤੇ ਮੰਗ ਕੇ ਆਪਣੀ ਜ਼ਿੰਦਗੀ ਚਲਾਉਂਦਾ ਹੋਵੇ ਪਰ ਹੈ ਵੱਡੇ ਦਿਲ ਵਾਲਾ। ਇਹ ਗੱਲ ਉਸਨੇ ਭੀਖ ਵਿਚ ਮਿਲੇ ਪੈਸਿਆਂ ਨਾਲ ਪਤਨੀ ਦੀ ਖਾਤਿਰ ਮੋਪੇਡ ਖਰੀਦ ਕੇ ਸਾਬਿਤ ਕਰ ਦਿੱਤੀ ਹੈ। ਇਥੇ ਅਮਰਵਾੜਾ ਵਿਚ ਰਹਿਣ ਵਾਲਾ ਸੰਤੋਸ਼ ਸਾਹੂ ਦੋਹਾਂ ਪੈਰਾਂ ਤੋਂ ਦਿਵਿਆਂਗ ਹੈ ਅਤੇ ਉਹ ਟ੍ਰਾਈ ਸਾਈਕਲ ’ਤੇ ਘੁੰਮ ਕੇ ਭੀਖ ਮੰਗਦਾ ਹੈ। ਟ੍ਰਾਈ ਸਾਈਕਲ ਨੂੰ ਧੱਕਾ ਦੇਣ ਦਾ ਕੰਮ ਉਸ ਦੀ ਪਤਨੀ ਮੁੰਨੀ ਕਰਦੀ ਹੈ। ਸੰਤੋਸ਼ ਖੁਦ ਟ੍ਰਾਈ ਸਾਈਕਲ ’ਤੇ ਬੈਠਦਾ ਹੈ। ਕਈ ਵਾਰ ਅਜਿਹੀ ਸਥਿਤੀ ਆਉਂਦੀ ਸੀ ਕਿ ਚੜ੍ਹਾਈ ਹੋਣ ਕਾਰਨ ਧੱਕਾ ਮਾਰਨ ਉਸ ਦੀ ਪਤਨੀ ਲਈ ਮੁਸ਼ਕਲ ਹੋ ਜਾਂਦਾ ਸੀ।
ਪਤਨੀ ਦੀ ਇਸ ਪ੍ਰੇਸ਼ਾਨੀ ਤੋਂ ਸੰਤੋਸ਼ ਦੁਖੀ ਸੀ। ਇਕ ਦਿਨ ਸੰਤੋਸ਼ ਦੀ ਪਤਨੀ ਨੇ ਉਸਨੂੰ ਟ੍ਰਾਈ ਸਾਈਕਲ ਦੀ ਥਾਂ ਮੋਪੇਡ ਖਰੀਦਣ ਦੀ ਸਲਾਹ ਦਿੱਤੀ। ਸੰਤੋਸ਼ ਨੂੰ ਵੀ ਚੰਗਾ ਨਹੀਂ ਲਗਦਾ ਸੀ ਕਿ ਉਸਦੀ ਪਤਨੀ ਟ੍ਰਾਈ ਸਾਈਕਲ ਨੂੰ ਧੱਕਾ ਮਾਰੇ ਅਤੇ ਪ੍ਰੇਸ਼ਾਨ ਹੋਵੇ। ਫਿਰ ਸੰਤੋਸ਼ ਨੇ ਹੌਲੀ-ਹੌਲੀ ਬਚਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਸਾਲਾਂ ਦੀ ਕੋਸ਼ਿਸ਼ ਤੋਂ ਬਾਅਦ ਜਮ੍ਹਾ ਰਕਮ 90 ਹਜ਼ਾਰ ਰੁਪਏ ਤੱਕ ਪਹੁੰਚੀ ਅਤੇ ਸੰਤੋਸ਼ ਨੇ ਆਪਣੀ ਪਤਨੀ ਦੀ ਇੱਛਾ ਪੂਰੀ ਕਰ ਦਿੱਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ