ਬਜਟ ਸੈਸ਼ਨ ਤੋਂ ਪਹਿਲੇ PM ਮੋਦੀ ਨੇ ਵਿਰੋਧੀ ਧਿਰਾਂ ''ਤੇ ਵਿੰਨ੍ਹਿਆ ਨਿਸ਼ਾਨਾ, ਆਖ਼ੀ ਇਹ ਗੱਲ
Monday, Jul 22, 2024 - 12:11 PM (IST)
ਨਵੀਂ ਦਿੱਲੀ (ਭਾਸ਼ਾ)- ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਨੇ ਲੋਕ ਸਭਾ ਚੋਣਾਂ 'ਚ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਸਾਰੇ ਸਿਆਸੀ ਦਲਾਂ ਨੂੰ ਅਗਲੇ 5 ਸਾਲਾਂ ਤੱਕ ਦੇਸ਼ ਲਈ ਮਿਲ ਕੇ ਲੜਨਾ ਚਾਹੀਦਾ। ਕੇਂਦਰੀ ਬਜਟ ਪੇਸ਼ ਹੋਣ ਤੋਂ ਇਕ ਦਿਨ ਪਹਿਲੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਜਟ ਅਗਲੇ 5 ਸਾਲ ਦੀ ਯਾਤਰਾ ਦੀ ਦਿਸ਼ਾ ਤੈਅ ਕਰੇਗਾ ਅਤੇ 2047 'ਚ 'ਵਿਕਸਿਤ ਭਾਰਤ' ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਨੀਂਹ ਰੱਖੇਗਾ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਮੀਡੀਆ ਨਾਲ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਕੁਝ ਦਲਾਂ ਦੀ ਨਕਾਰਾਤਮਕ ਰਾਜਨੀਤੀ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਅਸਫ਼ਲਤਾਵਾਂ ਲੁਕਾਉਣ ਲਈ ਸੰਸਦ ਦੇ ਸਮੇਂ ਦਾ ਇਸਤੇਮਾਲ ਕੀਤਾ।
ਪੀ.ਐੱਮ. ਮੋਦੀ ਨੇ ਪਿਛਲੇ ਸੈਸ਼ਨ 'ਚ ਸੰਸਦ 'ਚ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਲਈ ਵਿਰੋਧੀ ਦਲਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਲੋਕਤੰਤਰ 'ਚ ਅਜਿਹੀ ਰਣਨੀਤੀ ਦਾ ਕੋਈ ਸਥਾਨ ਨਹੀਂ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ,''ਇਹ ਬਜਟ ਸੈਸ਼ਨ ਹੈ। ਮੈਂ ਜੋ ਗਾਰੰਟੀ ਦਿੰਦਾ ਰਿਹਾ ਹਾਂ, ਅਸੀਂ ਉਨ੍ਹਾਂ ਗਾਰੰਟੀਆਂ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੇ ਹਾਂ।'' ਮੋਦੀ ਨੇ ਕਿਹਾ,''ਇਹ ਬਜਟ ਅੰਮ੍ਰਿਤ ਕਾਲ ਦਾ ਇਕ ਮਹੱਤਵਪੂਰਨ ਬਜਟ ਹੈ। ਸਾਡੇ ਕੋਲ 5 ਸਾਲ ਦਾ ਜੋ ਮੌਕਾ ਹੈ, ਇਹ ਬਜਟ ਉਸ ਯਾਤਰਾ ਦੀ ਦਿਸ਼ਾ ਤੈਅ ਕਰੇਗਾ ਅਤੇ ਨਾਲ ਹੀ 2047 'ਚ ਵਿਕਸਿਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਨੀਂਹ ਰੱਖੇਗਾ।'' ਉਨ੍ਹਾਂ ਇਹ ਵੀ ਕਿਹਾ ਕਿ ਬਜਟ ਸੈਸ਼ਨ ਸਾਡੇ ਲੋਕਤੰਤਰ ਦੀ ਮਾਣਮੱਤੀ ਯਾਤਰਾ ਦਾ ਇਕ ਮਹੱਤਵਪੂਰਨ ਪੜਾਅ ਹੈ। ਉਨ੍ਹਾਂ ਕਿਹਾ ਕਿ 60 ਸਾਲ ਬਾਅਦ ਕੋਈ ਸਰਕਾਰ ਤੀਜੀ ਵਾਰ ਸੱਤਾ 'ਚ ਆਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e