ਬਰੇਲੀ ਹਿੰਸਾ : ਮੌਲਾਨਾ ਤੌਕੀਰ ਰਜ਼ਾ ਦੇ ਸਾਥੀ ਅਫਜ਼ਲ ਬੇਗ ਨੇ ਅਦਾਲਤ ’ਚ ਕੀਤਾ ਆਤਮਸਮਰਪਣ
Thursday, Oct 16, 2025 - 10:25 PM (IST)

ਬਰੇਲੀ (ਉੱਤਰ ਪ੍ਰਦੇਸ਼), (ਭਾਸ਼ਾ)- ਇਤੇਹਾਦ-ਏ-ਮਿਲਤ ਕੌਂਸਲ (ਆਈ. ਐੱਮ. ਸੀ.) ਦੇ ਮੁਖੀ ਮੌਲਾਨਾ ਤੌਕੀਰ ਰਜ਼ਾ ਖਾਨ ਦੇ ਨਿੱਜੀ ਸਹਾਇਕ ਅਤੇ 26 ਸਤੰਬਰ ਦੀ ਹਿੰਸਾ ਦੇ ਲੋੜੀਂਦੇ ਮੁਲਜ਼ਮ ਅਫਜ਼ਲ ਬੇਗ ਨੇ ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿਚ ਆਤਮਸਮਰਪਣ ਕਰ ਦਿੱਤਾ।
ਪੁਲਸ ਮੁਤਾਬਕ, 15,000 ਰੁਪਏ ਦਾ ਇਨਾਮੀ ਅਫਜ਼ਲ ਬੇਗ ਬੁੱਧਵਾਰ ਨੂੰ ਆਪਣੇ ਵਕੀਲ ਅਤੇ ਕੁਝ ਸਾਥੀਆਂ ਨਾਲ ਅਦਾਲਤ ਵਿਚ ਪੇਸ਼ ਹੋਇਆ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ। ਉਹ ਆਈ. ਐੱਮ. ਸੀ. ਦੀ ਪੁਰਾਣੀ ਕਮੇਟੀ ਦਾ ਇਕ ਅਹੁਦੇਦਾਰ ਸੀ ਅਤੇ ਮੌਲਾਨਾ ਤੌਕੀਰ ਰਜ਼ਾ ਅਤੇ ਪਾਰਟੀ ਦੇ ਬੁਲਾਰੇ ਡਾ. ਨਫੀਸ ਨਾਲ ਲੰਮੇ ਸਮੇਂ ਤੱਕ ਰਿਹਾ।
ਐੱਸ. ਐੱਸ. ਪੀ. ਅਨੁਰਾਗ ਆਰੀਆ ਨੇ ਦੱਸਿਆ ਕਿ ਅਫਜ਼ਲ ਬੇਗ ਬਾਰਾਦਰੀ ਪੁਲਸ ਸਟੇਸ਼ਨ ਖੇਤਰ ਵਿਚ ਦਰਜ ਹੋਰ ਦੰਗੇ ਦੇ ਮਾਮਲਿਆਂ ਵਿਚ ਵੀ ਲੋੜੀਂਦਾ ਹੈ। ਪੁਲਸ ਨੇ ਦੱਸਿਆ ਕਿ ਹੋਰ ਫਰਾਰ ਮੁਲਜ਼ਮਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਅਤੇ ਜਾਇਦਾਦ ਜ਼ਬਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ। 26 ਸਤੰਬਰ ਨੂੰ ‘ਆਈ ਲਵ ਮੁਹੰਮਦ’ ਪੋਸਟਰਾਂ ਨੂੰ ਲੈ ਕੇ ਬਰੇਲੀ ਵਿਚ ਹਿੰਸਾ ਭੜਕੀ ਸੀ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਕਾਰ ਝੜਪਾਂ ਹੋਈਆਂ ਸਨ।