ਬਰੇਲੀ : ਬਦਮਾਸ਼ਾਂ ਨੇ ਗੁਰਦੁਆਰੇ ਦੇ ਚੌਕੀਦਾਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Monday, Jan 06, 2020 - 05:58 PM (IST)

ਬਰੇਲੀ— ਉੱਤਰ ਪ੍ਰਦੇਸ਼ 'ਚ ਬਰੇਲੀ ਦੇ ਫਰੀਦਪੁਰ ਖੇਤਰ ਸਥਿਤ ਇਕ ਗੁਰਦੁਆਰੇ ਦੇ ਚੌਕੀਦਾਰ ਦੀ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਫਰੀਦਪੁਰ ਕਸਬੇ ਨੇੜੇ ਗੁਰਦੁਆਰੇ ਦੇ ਚੌਕੀਦਾਰ ਅਕਸ਼ੈ ਉਰਫ਼ ਅਵੁ ਦੀ ਐਤਵਾਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਐਤਵਾਰ ਰਾਤ ਕਰੀਬ ਇਕ ਵਜੇ ਦੀ ਹੈ। ਕਤਲ ਦੇ ਮਾਮਲੇ 'ਚ ਦਰਜ ਰਿਪੋਰਟ 'ਚ ਇਕ ਸਾਬਕਾ ਚੌਕੀਦਾਰ ਸਤਨਾਮ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਮ੍ਰਿਤਕ ਅਕਸ਼ੈ ਮੇਰਠ ਦੇ ਪੁਨੇਠਾ ਮੋਦੀਪੁਰ ਦਾ ਰਹਿਣ ਵਾਲਾ ਸੀ। ਉਹ ਅਗਸਤ ਤੋਂ ਪਚੌਮੀ ਪਿੰਡ ਕੋਲ ਸਥਿਤ ਛੋਟੇ ਗੁਰਦੁਆਰੇ 'ਚ ਚੌਕੀਦਾਰੀ ਦਾ ਕੰਮ ਕਰਦਾ ਸੀ। ਉਸ ਦੀ ਮਾਂ ਊਸ਼ਾ ਦੇਵੀ ਵੀ ਨਾਲ ਰਹਿੰਦੀ ਸੀ ਅਤੇ ਗੁਰਦੁਆਰੇ 'ਚ ਵੀ ਸੇਵਾਦਾਰੀ ਕਰਦੀ ਸੀ।
ਮ੍ਰਿਤਕ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੇਟੇ ਤੋਂ ਪਹਿਲਾਂ ਸਤਨਾਮ ਸਿੰਘ ਉਰਫ਼ ਚਮਕੀਲਾ ਇਸ ਗੁਰਦੁਆਰੇ 'ਚ ਚੌਕੀਦਾਰੀ ਕਰਦਾ ਸੀ। ਗੁਰਦੁਆਰੇ ਦੇ ਜੱਥੇਦਾਰ ਹਰਬੰਸ ਸਿੰਘ ਨੇ ਸਤਨਾਮ ਨੂੰ ਹਟਾ ਕੇ ਉਸ ਦੇ ਬੇਟੇ ਨੂੰ ਚੌਕੀਦਾਰੀ ਲਈ ਰੱਖਿਆ ਸੀ। ਚੌਕੀਦਾਰੀ ਤੋਂ ਹਟਣ ਤੋਂ ਬਾਅਦ ਸਤਨਾਮ ਸਿੰਘ ਉਸ ਦੇ ਬੇਟੇ ਨੂੰ ਧਮਕਾਉਣ ਲੱਗਾ। ਰਾਤ ਕਰੀਬ ਇਕ ਵਜੇ ਉਹ ਆਪਣੇ ਸਾਥੀਆਂ ਨਾਲ ਆਇਆ ਅਤੇ ਗੁਰਦੁਆਰੇ ਦੇ ਬਾਹਰ ਬੈਠੇ ਉਸ ਦੇ ਬੇਟੇ ਨੂੰ ਫੜ ਕੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਗੁਰਦੁਆਰੇ 'ਚ ਮੌਜੂਦ ਭਗਤ ਸਿੰਘ ਮੌਕੇ 'ਤੇ ਪਹੁੰਚ ਗਿਆ। ਇਸ ਵਿਚ ਸਤਨਾਮ ਸਿੰਘ ਆਦਿ ਤਮੰਚੇ ਲਹਿਰਾਉਂਦੇ ਹੋਏ ਮੌਕੇ 'ਤੇ ਫਰਾਰ ਹੋ ਗਏ। ਜ਼ਖਮੀ ਨੂੰ ਬਰੇਲੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਸਤਨਾਮ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।