ਭਾਰਤ ''ਚ 11 ਦਿਨ ਤੋਂ ਲਾਪਤਾ ਬੰਗਲਾਦੇਸ਼ ਦੇ ਸੰਸਦ ਮੈਂਬਰ ਅਜ਼ੀਮ ਦਾ ਕੋਲਕਾਤਾ ''ਚ ਕਤਲ, ਦੋਸਤ ਨੇ ਦਿੱਤੀ ਸੀ ਸੁਪਾਰੀ

05/23/2024 7:19:13 PM

ਕੋਲਕਾਤਾ- ਭਾਰਤ ਇਲਾਜ ਕਰਵਾਉਣ ਆਏ ਬੰਗਲਾਦੇਸ਼ ਦੇ 56 ਸਾਲਾ ਸੰਸਦ ਮੈਂਬਰ ਅਨਵਾਰੂਲ ਅਜ਼ੀਮ ਅਨਾਰ ਦਾ ਕੋਲਕਾਤਾ ਵਿਚ ਕਤਲ ਕਰ ਦਿੱਤਾ ਗਿਆ ਹੈ। ਅਜ਼ੀਮ 12 ਮਈ ਨੂੰ ਭਾਰਤ ਪਹੁੰਚੇ ਸਨ ਅਤੇ 13 ਮਈ ਤੋਂ ਲਾਪਤਾ ਸਨ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜਮਾਨ ਖਾਨ ਨੇ ਢਾਕਾ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਅਜ਼ੀਮ ਦਾ ਕਤਲ ਹੋਇਆ ਹੈ। ਇਹ ਯੋਜਨਾਬੱਧ ਕਤਲ ਹੈ। ਮਾਮਲੇ ਵਿਚ ਤਿੰਨ ਬੰਗਲਾਦੇਸ਼ੀਆਂ ਨੂੰ ਢਾਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਛਮੀ ਬੰਗਾਲ ਪੁਲਸ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਸੂਬੇ ਦੀ ਸੀ. ਆਈ. ਡੀ. ਕਰ ਰਹੀ ਹੈ।

ਦੱਸ ਦੇਈਏ ਕਿ ਅਜ਼ੀਮ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਦੇ ਲਗਜ਼ਰੀ ਫਲੈਟ 'ਚ ਠਹਿਰੇ ਹੋਏ ਸਨ। ਉਨ੍ਹਾਂ ਨੂੰ ਜਿਸ ਡਰਾਈਵਰ ਨੇ ਇੱਥੇ ਛੱਡਿਆ ਸੀ, ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਦਬਿਸ਼ ਦਿੱਤੀ ਤਾਂ ਉੱਥੇ ਅਜ਼ੀਮ ਨਹੀਂ ਮਿਲੇ ਪਰ ਕਤਲ ਦੇ ਕਈ ਸਬੂਤ ਮਿਲ ਗਏ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਜ਼ੀਮ ਦੇ ਇਕ ਦੋਸਤ ਨੇ ਹੀ ਉਨ੍ਹਾਂ ਦੇ ਕਤਲ ਲਈ 5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਯੋਜਨਾਬੱਧ ਕਤਲ ਸੀ। ਸੰਸਦ ਮੈਂਬਰ ਦੇ ਪੁਰਾਣੇ ਦੋਸਤ ਨੇ ਉਨ੍ਹਾਂ ਨੂੰ ਮਾਰਨ ਲਈ ਵੱਡੀ ਰਕਮ (5 ਕਰੋੜ ਰੁਪਏ) ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਵਾਮੀ ਲੀਗ ਦੇ ਸੰਸਦ ਮੈਂਬਰ ਦਾ ਦੋਸਤ ਅਮਰੀਕੀ ਨਾਗਰਿਕ ਹੈ ਅਤੇ ਉਸ ਕੋਲ ਕੋਲਕਾਤਾ ਵਿਚ ਇਕ ਫਲੈਟ ਹੈ। ਓਧਰ ਸੀ. ਆਈ. ਡੀ. ਦੇ ਆਈ. ਜੀ. ਅਖਿਲੇਸ਼ ਚਤੁਰਵੇਦੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪੁਲਸ ਕੋਲ ਭਰੋਸੇਯੋਗ ਇਨਪੁੱਟ ਸਨ ਕਿ ਅਜ਼ੀਮ ਦਾ ਕਤਲ ਕਰ ਦਿੱਤਾ ਗਿਆ ਹੈ ਪਰ ਅਜੇ ਤਕ ਉਨ੍ਹਾਂ ਦੀ ਲਾਸ਼ ਬਰਾਮਦ ਨਹੀਂ ਹੋਈ ਹੈ। 


Tanu

Content Editor

Related News