ਬੰਗਾਲ ਦੇ ਬਾਜ਼ਾਰਾਂ ''ਚ ਇਕ ਜਾਂ 2 ਦਿਨਾਂ ''ਚ ਪਹੁੰਚ ਸਕਦੀ ਹੈ ਬੰਗਲਾਦੇਸ਼ ਦੀ ''ਹਿਲਸਾ ਮੱਛੀ''
Tuesday, Sep 06, 2022 - 10:05 AM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮਨਪਸੰਦ 'ਹਿਲਸਾ ਮੱਛੀ' ਕੋਲਕਾਤਾ ਦੇ ਬਾਜ਼ਾਰਾਂ 'ਚ ਇਕ-ਦੋ ਦਿਨਾਂ 'ਚ ਪਹੁੰਚ ਸਕਦੀ ਹੈ। ਇਹ ਇਸ ਸੀਜ਼ਨ ਦੀ ਪਹਿਲੀ ਖੇਪ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼ ਸਰਕਾਰ ਨੇ ਦੁਰਗਾ ਪੂਜਾ ਤਿਉਹਾਰ ਤੋਂ ਪਹਿਲਾਂ 2,450 ਟਨ ਹਿਲਸਾ ਮੱਛੀ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ। ਮੱਛੀ ਦਰਾਮਦਕਾਰ ਸੰਘ ਦੇ ਸਕੱਤਰ ਸਈਅਦ ਅਨਵਰ ਮਕਸੂਦ ਨੇ ਦੱਸਿਆ,“ਬੰਗਲਾਦੇਸ਼ ਨੇ ਕੱਲ੍ਹ ਮੌਜੂਦਾ ਸੀਜ਼ਨ ਲਈ ਹਿਲਸਾ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ। ਪਹਿਲੀ ਖੇਪ ਇਕ ਜਾਂ ਦੋ ਦਿਨਾਂ ਵਿਚ ਸਥਾਨਕ ਬਾਜ਼ਾਰਾਂ ਵਿਚ ਪਹੁੰਚਣ ਦੀ ਉਮੀਦ ਹੈ।
ਬੇਨਾਪੋਲ ਸੀ.ਐਂਡ.ਐਫ. ਏਜੰਟਸ ਸਟਾਫ਼ ਐਸੋਸੀਏਸ਼ਨ ਦੇ ਸਕੱਤਰ ਸਾਜਿਦੁਰ ਰਹਿਮਾਨ ਨੇ ਵੀ ਕਿਹਾ ਕਿ ਸੋਮਵਾਰ ਜਾਂ ਮੰਗਲਵਾਰ ਨੂੰ ਇੱਥੇ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ,"ਪਹਿਲੀ ਖੇਪ ਵਿਚ 50 ਤੋਂ 100 ਟਨ ਖੇਪ ਯਾਨੀ ਹਿਲਸਾ ਮੱਛੀ ਹੋ ਸਕਦੀ ਹੈ।" ਮਕਸੂਦ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੇ ਪਿਛਲੇ ਸਾਲ ਭਾਰਤ ਨੂੰ ਕੁੱਲ 4,600 ਟਨ ਹਿਲਸਾ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਸਿਰਫ਼ ਇਕ ਪੰਦਰਵਾੜੇ ਦੀ ਸਹੂਲਤ ਕਾਰਨ ਸਿਰਫ਼ 1200 ਟਨ ਦੀ ਦਰਾਮਦ ਕੀਤੀ ਜਾ ਸਕੀ। ਮਕਸੂਦ ਦੇ ਅਨੁਸਾਰ, ਸ਼ੁਰੂਆਤ ਵਿਚ ਇਕ ਕਿਲੋ ਹਿਲਸਾ ਮੱਛੀ ਦੀ ਕੀਮਤ ਲਗਭਗ 1,200 ਰੁਪਏ ਪ੍ਰਤੀ ਕਿਲੋ ਹੈ।