ਬੈਨ ਦੇ ਬਾਵਜੂਦ 'ਪਬਜੀ' ਖੇਡਦੇ 10 ਵਿਦਿਆਰਥੀ ਗ੍ਰਿਫਤਾਰ

03/14/2019 12:41:22 PM

ਰਾਜਕੋਟ— ਗੁਜਰਾਤ ਦੇ ਰਾਜਕੋਟ 'ਚ ਕਾਲਜ ਦੇ 10 ਵਿਦਿਆਰਥੀਆਂ ਨੂੰ ਜਨਤਕ ਸਥਾਨ 'ਤੇ ਆਨਲਾਈਨ ਗੇਮ 'ਪਬਜੀ' ਖੇਡਣ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਬਾਅਦ 'ਚ ਇਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਇਸ ਤੋਂ 5 ਦਿਨ ਪਹਿਲਾਂ ਸਥਾਨਕ ਪੁਲਸ ਨੇ ਇਸ ਆਨਲਾਈਨ ਗੇਮ ਨੂੰ ਬੈਨ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਗੁਜਰਾਤ ਦੇ ਕਈ ਹੋਰ ਜ਼ਿਲਿਆਂ ਨੇ ਵੀ ਇਸ ਗੇਮ ਨੂੰ ਬੈਨ ਕੀਤਾ ਹੈ ਪਰ ਇਸ ਮਾਮਲੇ 'ਚ ਇਹ ਪਹਿਲੀ ਗ੍ਰਿਫਤਾਰੀ ਹੈ। ਗੁਜਰਾਤ ਸਰਕਾਰ ਨੇ ਜਨਵਰੀ 'ਚ ਇਸ ਬਾਰੇ ਨਿਰਦੇਸ਼ ਜਾਰੀ ਕੀਤੇ ਸਨ। ਰਾਜਕੋਟ 'ਚ ਇਨ੍ਹਾਂ 10 ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਵੱਖ-ਵੱਖ ਥਾਂ ਤੋਂ ਇਹ ਗੇਮ ਖੇਡਦੇ ਹੋਏ ਫੜਿਆ ਗਿਆ ਸੀ। ਇਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ,''ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ 'ਪਬਜੀ' ਨੂੰ ਬੈਨ ਕਰਨ ਵਾਲਾ ਨੋਟਿਸ ਸਿਰਫ ਕਾਗਜ਼ ਦਾ ਟੁੱਕੜਾ ਨਹੀਂ ਹੈ।''

'ਪਬਜੀ' ਇਕ ਆਨਲਾਈਨ ਗੇਮ ਹੈ। ਇਸ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੁਦ ਨੂੰ ਜਿਉਂਦਾ ਰੱਖਣ ਅਤੇ ਗੇਮ ਜਿੱਤਣ ਲਈ ਦੂਜਿਆਂ ਨੂੰ ਮਾਰਨਾ ਪੈਂਦਾ ਹੈ। ਹਿੰਸਕ ਰੁਝਾਨ ਦੇ ਇਸ ਖੇਡ ਦਾ ਅਸਰ ਛੋਟੇ ਬੱਚਿਆਂ, ਨਾਬਾਲਗਾਂ ਇੱਥੇ ਤੱਕ ਕੇ ਬਾਲਗਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਉਨ੍ਹਾਂ ਦਾ ਵਤੀਰਾ ਹਿੰਸਕ ਹੁੰਦਾ ਦੇਖਿਆ ਗਿਆ ਹੈ।


DIsha

Content Editor

Related News