ਅਮਰੀਕੀ ਵਿਦੇਸ਼ ਮੰਤਰੀ ਦੀ ਮੌਜੂਦਗੀ ’ਚ ਯੂਕ੍ਰੇਨ ਨੇ ਰੂਸ ’ਤੇ ਦਾਗੀਆਂ 10 ਮਿਜ਼ਾਇਲਾਂ, ਜ਼ੇਲੇਂਸਕੀ ਦੇ ਵਿਦੇਸ਼ੀ ਦੌਰੇ ਮੁਲਤਵੀ

Wednesday, May 15, 2024 - 11:43 PM (IST)

ਅਮਰੀਕੀ ਵਿਦੇਸ਼ ਮੰਤਰੀ ਦੀ ਮੌਜੂਦਗੀ ’ਚ ਯੂਕ੍ਰੇਨ ਨੇ ਰੂਸ ’ਤੇ ਦਾਗੀਆਂ 10 ਮਿਜ਼ਾਇਲਾਂ, ਜ਼ੇਲੇਂਸਕੀ ਦੇ ਵਿਦੇਸ਼ੀ ਦੌਰੇ ਮੁਲਤਵੀ

ਕੀਵ (ਏਜੰਸੀਆਂ)– ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕ੍ਰੇਨ ਲਈ 2 ਅਰਬ ਡਾਲਰ ਦੇ ਹਥਿਆਰਾਂ ਦੇ ਸੌਦੇ ਦਾ ਐਲਾਨ ਕੀਤਾ ਹੈ। ਬਲਿੰਕਨ ਯੂਕ੍ਰੇਨ ਨੂੰ ਅਮਰੀਕੀ ਸਹਾਇਤਾ ਬਾਰੇ ਭਰੋਸਾ ਦਿਵਾਉਣ ਲਈ ਕੀਵ ’ਚ ਹਨ। ਯੂਕ੍ਰੇਨ ਰੂਸ ਦੇ ਨਵੇਂ ਹਮਲਿਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਬਲਿੰਕਨ ਨੇ ਬੁੱਧਵਾਰ ਨੂੰ ਕੀਵ ਦੀ 2 ਦਿਨਾਂ ਦੀ ਯਾਤਰਾ ਦੇ ਅੰਤਿਮ ਸਮਾਗਮ ’ਚ ਕਿਹਾ ਕਿ ਜੋਅ ਬਾਈਡੇਨ ਪ੍ਰਸ਼ਾਸਨ ਨੇ ਯੂਕ੍ਰੇਨ ਲਈ 2 ਅਰਬ ਡਾਲਰ ਦੇ ਮੱਧਮ ਤੇ ਲੰਬੇ ਸਮੇਂ ਦੇ ਵਿਦੇਸ਼ੀ ਫੌਜੀ ਵਿੱਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਪੈਸਾ ਲਗਭਗ 1.6 ਅਰਬ ਅਮਰੀਕੀ ਡਾਲਰ ਕਾਂਗਰਸ ਵਲੋਂ ਪਾਸ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਦਸਤਖ਼ਤ ਕਰਕੇ ਪੂਰਕ ਵਿਦੇਸ਼ੀ ਸਹਾਇਤਾ ਕਾਨੂੰਨ ਰਾਹੀਂ ਯੂਕ੍ਰੇਨ ਨੂੰ ਅਲਾਟ ਕੀਤੇ ਗਏ 60 ਅਰਬ ਡਾਲਰ ਦੀ ਰਕਮ ਤਹਿਤ ਮਿਲਿਆ ਹੈ। ਜਿਸ ਸਮੇਂ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਕੀਵ ’ਚ ਸਨ, ਕ੍ਰੀਮੀਆ ਨੂੰ ਨਿਸ਼ਾਨਾ ਬਣਾ ਕੇ ਯੂਕ੍ਰੇਨ ਤੋਂ 10 ਅਮਰੀਕੀ ਮਿਜ਼ਾਈਲਾਂ ਦਾਗੀਆਂ ਗਈਆਂ। ਰੂਸੀ ਫੌਜ ਨੇ ਇਨ੍ਹਾਂ ਮਿਜ਼ਾਈਲਾਂ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਰਵਨੀਤ ਬਿੱਟੂ ਦੀ CM ਮਾਨ ਨੂੰ ਚੁਣੌਤੀ, ਕਿਹਾ- 4 ਜੂਨ ਤੋਂ ਬਾਅਦ ਰੋਜ਼ਾਨਾ ਕਰਨਗੇ ਸੀ.ਐੱਮ. ਹਾਊਸ ਦਾ ਘਿਰਾਓ

ਸੇਵਾਸਤੋਪੋਲ ਦੇ ਗਵਰਨਰ ਮਿਖਾਇਲ ਰਜ਼ਵੋਜ਼ਯੇਵ ਨੇ ਕਿਹਾ ਕਿ ਹਵਾਈ ਰੱਖਿਆ ਬਲਾਂ ਨੇ ਕਾਲਾ ਸਾਗਰ ਦੇ ਉੱਪਰ ਤੇ ਬੇਲਬੇਕ ਹਵਾਈ ਅੱਡੇ ਨੇੜੇ ਕਈ ਯੂਕ੍ਰੇਨੀ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ। ਮਿਜ਼ਾਈਲਾਂ ਦੇ ਟੁਕੜੇ ਰਿਹਾਇਸ਼ੀ ਇਲਾਕਿਆਂ ’ਚ ਡਿੱਗੇ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹੋਰ ਯੂਕ੍ਰੇਨੀ ਹਮਲਿਆਂ ’ਚ ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਬੁੱਧਵਾਰ ਤੜਕੇ ਬੇਲਗੋਰੋਡ ਖ਼ੇਤਰ ’ਚ 9 ਯੂਕ੍ਰੇਨੀ ਡਰੋਨ, 2 ਵਿਲਹਾ ਰਾਕੇਟ, 2 ਐਂਟੀ-ਰਡਾਰ ਮਿਜ਼ਾਈਲਾਂ ਤੇ 2 ਹੈਮਰ ਗਾਈਡਡ ਬੰਬ ਵੀ ਨਸ਼ਟ ਕਰ ਦਿੱਤੇ। 6 ਹੋਰ ਯੂਕ੍ਰੇਨੀ ਡਰੋਨ ਕੁਰਸਕ ਖ਼ੇਤਰ ’ਚ ਤਬਾਹ ਕਰ ਦਿੱਤੇ ਗਏ ਸਨ ਤੇ 3 ਡਰੋਨ ਬ੍ਰਾਇੰਸਕ ਖ਼ੇਤਰ ’ਚ ਤਬਾਹ ਕੀਤੇ ਗਏ।

ਜ਼ੇਲੇਂਸਕੀ ਨੇ ਹਮਲਿਆਂ ਕਾਰਨ ਵਿਦੇਸ਼ੀ ਦੌਰਿਆਂ ਨੂੰ ਕੀਤਾ ਮੁਲਤਵੀ
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਵਲੋਂ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਆਪਣੇ ਸਾਰੇ ਵਿਦੇਸ਼ੀ ਦੌਰੇ ਮੁਲਤਵੀ ਕਰ ਦਿੱਤੇ ਹਨ। ਰਾਸ਼ਟਰਪਤੀ ਦਫ਼ਤਰ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ’ਤੇ ਕਿਹਾ ਕਿ ਜ਼ੇਲੇੇਸਕੀ ਨੇ ਆਉਣ ਵਾਲੇ ਦਿਨਾਂ ਲਈ ਨਿਰਧਾਰਤ ਆਪਣੀਆਂ ਸਾਰੀਆਂ ਵਿਦੇਸ਼ੀ ਯਾਤਰਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਜ਼ੇਲੇਂਸਕੀ ਨੇ ਆਪਣੀ ਟੀਮ ਨੂੰ ਇਨ੍ਹਾਂ ਯਾਤਰਾਵਾਂ ਨੂੰ ਮੁੜ ਤੋਂ ਤੈਅ ਕਰਨ ਲਈ ਨਿਰਦੇਸ਼ ਦਿੱਤੇ ਹਨ। ਜ਼ੇਲੇਂਸਕੀ ਦੀ ਇਸ ਹਫ਼ਤੇ ਦੇ ਅੰਤ ’ਚ ਸਪੇਨ ਤੇ ਸੰਭਾਵੀ ਤੌਰ ’ਤੇ ਪੁਰਤਗਾਲ ਦਾ ਦੌਰਾ ਕਰਨ ਦੀ ਉਮੀਦ ਸੀ।

ਯੂਕ੍ਰੇਨ-ਰੂਸ ਜੰਗ ’ਚ ਸ਼੍ਰੀਲੰਕਾ ਦੇ 16 ਸਾਬਕਾ ਫੌਜੀ ਮਾਰੇ ਗਏ
ਯੂਕ੍ਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ’ਚ ਹੁਣ ਤੱਕ ਸ਼੍ਰੀਲੰਕਾ ਦੇ ਘੱਟੋ-ਘੱਟ 16 ਸਾਬਕਾ ਫੌਜੀ ਮਾਰੇ ਜਾ ਚੁੱਕੇ ਹਨ। ਦੇਸ਼ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਦੇਸ਼ੀ ਰੋਜ਼ਗਾਰ ਏਜੰਸੀਆਂ ਵਲੋਂ ਸ਼੍ਰੀਲੰਕਾ ਦੇ ਕਈ ਸਾਬਕਾ ਫੌਜੀਆਂ ਨੂੰ ਵਿਦੇਸ਼ਾਂ ’ਚ ਚੰਗੀਆਂ ਨੌਕਰੀਆਂ ਦਿਵਾਉਣ ਦਾ ਧੋਖਾ ਦੇ ਕੇ ਰੂਸ ਤੇ ਯੂਕ੍ਰੇਨ ਦੀ ਫੌਜ ’ਚ ਭਰਤੀ ਕਰਵਾ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਭਾਰਤੀ ਏਜੰਟ ਰਮੇਸ਼ ਵੀ ਸ਼੍ਰੀਲੰਕਾਈ ਏਜੰਟ ਨਾਲ ਤਾਲਮੇਲ ਕਰ ਰਿਹਾ ਸੀ, ਜਿਸ ਨੇ ਸ਼੍ਰੀਲੰਕਾ ਦੇ ਸਾਬਕਾ ਫੌਜੀਆਂ ਨੂੰ ਜੰਗ ਲਈ ਭੇਜਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News