ਹਿਮਾਚਲ ’ਚ ਜ਼ਿਮਨੀ ਚੋਣਾਂ ਵਾਲੇ ਇਲਾਕਿਆਂ ’ਚ ਅੱਜ ਤੋਂ ਸ਼ਰਾਬ ਦੀ ਵਿਕਰੀ ’ਤੇ ਰੋਕ

Thursday, Oct 28, 2021 - 06:00 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ’ਚ ਇਕ ਲੋਕ ਸਭਾ ਅਤੇ ਤਿੰਨ ਵਿਧਾਨ ਸਭਾ ਸੀਟਾਂ ’ਤੇ 30 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਾਲੇ ਖੇਤਰਾਂ ਵਿਚ ਅੱਜ ਤੋਂ ਸ਼ਰਾਬ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ। ਪ੍ਰਦੇਸ਼ ਦੇ 20 ਵਿਧਾਨ ਸਭਾ ਖੇਤਰਾਂ ’ਚ ਸ਼ਾਮ 5 ਵਜੇ ਤੋਂ ਅਗਲੇ 48 ਘੰਟਿਆਂ ਤੱਕ ਸ਼ਰਾਬ ਦੀ ਵਿਕਰੀ ’ਤੇ ਰੋਕ ਰਹੇਗੀ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਯਾਨੀ ਕਿ 2 ਨਵੰਬਰ ਨੂੰ ਵੀ ਸ਼ਰਾਬ ਦੀ ਵਿਕਰੀ ’ਤੇ ਰੋਕ ਲਾਈ ਗਈ ਹੈ। ਇੰਨਾ ਹੀ ਨਹੀਂ ਸਬੰਧਿਤ ਚੋਣ ਖੇਤਰਾਂ ਤਹਿਤ ਆਉਣ ਵਾਲੇ ਹੋਟਲ, ਰੈਸਟੋਰੈਂਟ, ਕਲੱਬਾਂ ਆਦਿ ਵਿਚ ਵੀ ਸ਼ਰਾਬ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। 

ਨੋਟੀਫ਼ਿਕੇਸ਼ਨ ਮੁਤਾਬਕ ਇਹ ਪਾਬੰਦੀ ਜ਼ਿਮਨੀ ਚੋਣਾਂ ਨਾਲ ਜੁੜੇ ਲੋਕ ਸਭਾ ਅਤੇ ਵਿਧਾਨ ਸਭਾ ਖੇਤਰਾਂ ਵਿਚ ਇਕੱਠੇ ਲਾਗੂ ਹੋਵੇਗੀ। ਇਸ ਦੌਰਾਨ ਜੇਕਰ ਕੋਈ ਕਿਤੇ ਸ਼ਰਾਬ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸ ਬਾਰੇ ਚੋਣ ਕਮਿਸ਼ਨ ਅਧਿਕਾਰੀਆਂ ਨੇ ਸਾਰੇ ਮੈਜਿਸਟ੍ਰੇਟ, ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਆਬਕਾਰੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਯਕੀਨੀ ਕਰੋ ਕਿ ਸ਼ਾਮ 5 ਵਜੇ ਤੱਕ ਸਾਰੇ ਸ਼ਰਾਬ ਦੇ ਠੇਕੇ ਪੂਰੀ ਤਰ੍ਹਾਂ ਬੰਦ ਰਹਿਣ। ਜ਼ਿਕਰਯੋਗ ਹੈ ਕਿ ਪ੍ਰਦੇਸ਼ ’ਚ ਇਕ ਲੋਕ ਸਭਾ ਅਤੇ ਤਿੰਨ ਵਿਧਾਨ ਸਭਾ ਸੀਟਾਂ ਲਈ 30 ਅਕਤੂਬਰ ਨੂੰ ਵੋਟਾਂ ਪੈਣਗੀਆਂ।


Tanu

Content Editor

Related News