ਮੋਬਾਇਲ ਟਾਰਚ ਦੀ ਰੋਸ਼ਨੀ ਨਾਲ ਡਾਕਟਰ ਕਰ ਰਹੇ ਸਨ ਇਲਾਜ, ਵੀਡੀਓ ਵਾਇਰਲ ਹੁੰਦੇ ਹੀ ਮਿਲੇ ਜਾਂਚ ਦੇ ਆਦੇਸ਼
Tuesday, Sep 13, 2022 - 03:57 PM (IST)
ਬਲੀਆ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਲੀਆ ਦੇ ਜ਼ਿਲ੍ਹਾ ਹਸਪਤਾਲ 'ਚ ਮੋਬਾਇਲ ਫ਼ੋਨ ਦੀ ਟਾਰਚ ਰੋਸ਼ਨੀ ਨਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਅਧਿਕਾਰੀ ਸੌਮਿਆ ਅਗਰਵਾਲ ਨੇ ਦੱਸਿਆ ਕਿ ਇਹ ਮਾਮਲਾ ਨੋਟਿਸ 'ਚ ਆਉਣ 'ਤੇ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਸੋਮਵਾਰ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਸ 'ਤੇ ਮੰਗਲਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ
ਦੱਸਣਯੋਗ ਹੈ ਕਿ ਵੀਡੀਓ 'ਚ ਮੋਬਾਇਲ ਫੋਨ ਦੀ ਟਾਰਚ ਦੀ ਰੋਸ਼ਨੀ 'ਚ ਮਰੀਜ਼ਾਂ ਦਾ ਇਲਾਜ ਕਰਦੇ ਡਾਕਟਰਾਂ ਨੂੰ ਦੇਖਿਆ ਜਾ ਸਕਦਾ ਹੈ। ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਇਸ ਮਾਮਲੇ 'ਚ ਜਾਂਚ ਤੋਂ ਬਾਅਦ ਉੱਚਿਤ ਕਾਰਵਾਈ ਕੀਤੀ ਜਾਵੇਗੀ। ਵੀਡੀਓ 'ਚ ਡਾਕਟਰ ਸਟ੍ਰੈਚਰ 'ਤੇ ਮਹਿਲਾ ਮਰੀਜ਼ ਦੀ ਮੋਬਾਇਲ ਟਾਚਰ ਦੀ ਰੋਸ਼ਨੀ 'ਚ ਜਾਂਚ ਕਰਦਾ ਹੋਇਆ ਦਿਖਾਈ ਦਗੇ ਰਿਹਾ ਹੈ। ਇਹ ਘਟਨਾ 10 ਸਤੰਬਰ ਦੀ ਦੱਸੀ ਗਈ ਹੈ। ਜ਼ਿਲ੍ਹਾ ਹਸਪਤਾਲ ਦੇ ਇੰਚਾਰਜ ਡਾ. ਆਰ.ਡੀ. ਰਾਮ ਨੇ ਦੱਸਿਆ ਕਿ ਬਿਜਲੀ ਕਟੌਤੀ ਤੋਂ ਬਾਅਦ ਜਨਰੇਟਰ 'ਚ ਬੈਟਰੀ ਲਗਾਈ ਜਾ ਰਹੀ ਸੀ, ਜਿਸ ਕਾਰਨ ਇਹ ਪਰੇਸ਼ਾਨੀ ਹੋਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ