ਹਿਮਾਚਲ ’ਚ ਚੋਣ ਮੈਦਾਨ ’ਚ ਉਤਰਣ ਵਾਲਿਆਂ ’ਚੋਂ ਬਲਬੀਰ ਵਰਮਾ ਸਭ ਤੋਂ ਅਮੀਰ
Friday, Oct 28, 2022 - 12:34 PM (IST)
ਸ਼ਿਮਲਾ (ਬਿਊਰੋ)- ਹਿਮਾਚਲ ਪ੍ਰਦੇਸ਼ ’ਚ ਚੋਣ ਮੈਦਾਨ ’ਚ ਉਤਰਣ ਵਾਲੇ ਉਮੀਦਵਾਰਾਂ ’ਚੋਂ ਸਭ ਤੋਂ ਅਮੀਰ ਚੌਪਾਲ ਤੋਂ ਭਾਜਪਾ ਉਮੀਦਵਾਰ ਬਲਬੀਰ ਵਰਮਾ ਹਨ। ਉਸ ਕੋਲ 1.25 ਅਰਬ ਦੀ ਜਾਇਦਾਦ ਹੈ। ਦੂਜੇ ਨੰਬਰ ’ਤੇ ਸਾਬਕਾ ਮੰਤਰੀ ਜੀ. ਐੱਸ. ਬਾਲੀ ਦੇ ਪੁੱਤਰ ਅਤੇ ਨਗਰੋਟਾ ਤੋਂ ਕਾਂਗਰਸ ਦੇ ਉਮੀਦਵਾਰ ਰਘੁਬੀਰ ਸਿੰਘ ਬਾਲੀ ਹਨ। ਤੀਜੇ ਨੰਬਰ ’ਤੇ ਸਾਬਕਾ ਮੁੱਖ ਮੰਤਰੀ ਸ. ਵੀਰਭੱਦਰ ਸਿੰਘ ਦੇ ਪੁੱਤਰ ਅਤੇ ਸ਼ਿਮਲਾ ਪਿੰਡ ਤੋਂ ਕਾਂਗਰਸ ਦੇ ਉਮੀਦਵਾਰ ਵਿਕਰਮਾਦਿਤਿਆ ਸਿੰਘ ਚੌਥੇ ਨੰਬਰ ’ਤੇ ਚੌਪਾਲ ਤੋਂ ਕਾਂਗਰਸ ਦੇ ਉਮੀਦਵਾਰ ਰਜਨੀਸ਼ ਕਿਮਟਾ ਅਤੇ ਪੰਜਵੇਂ ਨੰਬਰ ’ਤੇ ਪਾਲਮਪੁਰ ਤੋਂ ਸਾਬਕਾ ਸਪੀਕਰ ਬੀ. ਬੀ. ਐੱਲ. ਬੁਟੇਲ ਦਾ ਪੁੱਤਰ ਆਸ਼ੀਸ਼ ਬੁਟੇਲ ਹੈ। ਦਿਲਚਸਪ ਗੱਲ ਇਹ ਹੈ ਕਿ ਚੌਪਾਲ ਤੋਂ ਭਾਜਪਾ ਅਤੇ ਕਾਂਗਰਸ ਦੋਵੇਂ ਉਮੀਦਵਾਰ ਅਮੀਰ ਉਮੀਦਵਾਰਾਂ ਦੀ ਸੂਚੀ ’ਚ ਚੋਟੀ ਦੇ ਪੰਜਾਂ ’ਚ ਸ਼ਾਮਲ ਹਨ। ਚੌਪਾਲ ਤੋਂ ਬਲਬੀਰ ਵਰਮਾ 4.31 ਕਰੋੜ ਦੀ ਚੱਲ ਅਤੇ 121.40 ਕਰੋੜ ਰੁਪਏ ਦੀ ਅਚੱਲ ਜਾਇਦਾਦ ਦਾ ਮਾਲਕ ਹੈ। ਇਸੇ ਤਰ੍ਹਾਂ ਰਘੁਵੀਰ ਸਿੰਘ ਬਾਲੀ ਕੋਲ 1.04 ਅਰਬ ਦੀ ਚੱਲ ਅਤੇ ਅੱਚਲ, ਵਿਕਰਮਾਦਿੱਤਿਆ ਸਿੰਘ ਕੋਲ 1.02 ਅਰਬ, ਰਜਨੀਸ਼ ਕਿਮਟਾ ਕੋਲ 31.25 ਕਰੋੜ ਅਤੇ ਅਸ਼ੀਸ਼ ਬੁਟੇਲ ਕੋਲ 30.26 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ।
ਕਈ ਲਗਜ਼ਰੀ ਗੱਡੀਆਂ ਦੇ ਮਾਲਕ ਵੀ ਹਨ
ਬਲਵੀਰ ਵਰਮਾ ਕਈ ਲਗਜ਼ਰੀ ਗੱਡੀਆਂ ਦਾ ਮਾਲਕ ਹੈ। ਉਸ ਕੋਲ ਇਕ ਮਰਸਡੀਜ਼ ਬੈਂਜ਼, ਇਕ ਬੀ.ਐੱਮ. ਡਬਲਿਯੂ. ਇਕ ਰੇਂਜ ਰੋਵਰ ਅਤੇ ਇਕ ਜੀਪ ਹੈ। ਰਘੁਵੀਰ ਸਿੰਘ ਬਾਲੀ ਕੋਲ ਹੌਂਡਾ ਸਪਲੈਂਡਰ, ਮਰਸਡੀਜ਼ ਸਮੇਤ 6 ਗੱਡੀਆਂ ਹਨ। ਵਿਕਰਮਾਦਿੱਤਿਆ ਸਿੰਘ ਕੋਲ 28 ਲੱਖ ਦੀ ਫਾਰਚੂਨਰ ਕਾਰ, 30 ਲੱਖ ਦੀ ਫੋਰਡ ਐਂਡੇਵਰ ਅਤੇ 5.20 ਲੱਖ ਦੀ ਨੈਕਸਾ ਕਾਰ ਹੈ। ਰਜਨੀਸ਼ ਕਿਮਟਾ ਕੋਲ 10.72 ਲੱਖ ਦੀ ਹੌਂਡਾ ਸਿਟੀ, 50 ਲੱਖ ਦੀ ਫਾਰਚੂਨਰ, 80 ਲੱਖ ਦੀ ਮਰਸੀਡੀਜ਼, 25 ਲੱਖ ਦੀ ਜੇਸੀਬੀ, 30 ਲੱਖ ਦੀ ਇਨੋਵਾ ਕਾਰ ਹੈ। ਉਸ ਦੇ ਨਾਂ ’ਤੇ 25 ਲੱਖ ਦਾ ਸੋਨਾ ਅਤੇ ਪਤਨੀ ਕੋਲ 65 ਲੱਖ ਦੇ ਗਹਿਣੇ ਹਨ। ਬੁਟੇਲ ਕੋਲ ਇਕ ਥਾਰ, ਇਕ ਫਾਰਚੂਨਰ, ਇਕ ਇਨੋਵਾ ਅਤੇ 2 ਸਕੂਟੀਆਂ ਹਨ।