ਮੈਨੂੰ ਪਾਰਟੀ ਜੋ ਜ਼ਿੰਮੇਵਾਰੀ ਦੇਵੇਗੀ, ਉਸ ਨੂੰ ਖੁਸ਼ੀ ਨਾਲ ਕਰਾਂਗਾ ਸਵੀਕਾਰ : ਜੈ ਪਾਂਡਾ
Wednesday, May 22, 2019 - 12:31 PM (IST)

ਓਡੀਸ਼ਾ— ਓਡੀਸ਼ਾ ਦੇ ਬੀਜੂ ਜਨਤਾ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੋਣਾਂ ਤੋਂ ਬਾਅਦ ਹੋਣ ਵਾਲੇ ਗਠਜੋੜ 'ਤੇ ਭਾਜਪਾ ਨੇਤਾ ਬੈਜਯੰਤ ਜੈ ਪਾਂਡਾ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਸਾਡੀ ਪਾਰਟੀ ਇਸ ਵਾਰ 300 ਤੋਂ ਵਧ ਸੀਟਾਂ ਜਿੱਤ ਰਹੀ ਹੈ। ਅਸੀਂ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਸਹਿਯੋਗੀ ਦਲਾਂ ਨਾਲ ਮਿਲ ਕੇ ਸਰਕਾਰ ਬਣਾਵਾਂਗੇ। ਇਸ ਤੋਂ ਇਲਾਵਾ ਦੇਸ਼ ਦੇ ਸਿਆਸੀ ਹਾਲਾਤ ਅਤੇ ਜਨਤਾ ਦੇ ਮੂਡ ਨੂੰ ਦੇਖਦੇ ਹੋਏ ਜੇਕਰ ਦੂਜੀ ਪਾਰਟੀਆਂ ਵੀ ਐੱਨ.ਡੀ.ਏ. ਨਾਲ ਜੁੜਨਾ ਚਾਹੁਣ ਤਾਂ ਭਾਜਪਾ ਉਨ੍ਹਾਂ ਦਾ ਸਵਾਗਤ ਕਰੇਗੀ।
ਜੋ ਜ਼ਿੰਮੇਵਾਰੀ ਮਿਲੇਗੀ ਖੁਸ਼ੀ ਨਾਲ ਨਿਭਾਵਾਂਗਾ
ਓਡੀਸ਼ਾ ਦੇ ਅਗਲੇ ਮੁੱਖ ਮੰਤਰੀ ਬਾਰੇ ਪੁੱਛਣ 'ਤੇ ਬੈਜਯੰਤ ਪਾਂਡਾ ਨੇ ਕਿਹਾ,''ਮੈਂ ਬਹੁਤ ਸੋਚ ਸਮਝ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਦਾ ਫੈਸਲਾ ਲਿਆ ਸੀ। ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਮੈਂ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰਾਂਗਾ। ਭਾਜਪਾ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਮੈਂਬਰ ਹਨ। ਜਿਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ ਅਸੀਂ ਸਾਰੇ ਮਿਲ ਕੇ ਉਸ ਨੂੰ ਨਿਭਾਵਾਂਗੇ।''
ਬੀਜਦ ਛੱਡ ਭਾਜਪਾ 'ਚ ਹੋਏ ਸਨ ਸ਼ਾਮਲ
ਦੱਸਣਯੋਗ ਹੈ ਕਿ ਬੈਜਯੰਤ ਪਾਂਡਾ ਓਡੀਸ਼ਾ 'ਚ ਪ੍ਰਭਾਵਸ਼ਾਲੀ ਮੀਡੀਆ ਸਮੂਹ ਦਾ ਮਲਕੀਅਤ ਕਰਦੇ ਹਨ ਅਤੇ ਬੀਜੂ ਜਨਤਾ ਦਲ ਦੇ ਸੀਨੀਅਰ ਸੰਸਦ ਮੈਂਬਰ ਵੀ ਰਹਿ ਚੁਕੇ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਬੀਜਦ ਛੱਡ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰ ਲਈ ਸੀ। ਇਸ ਨਾਲ ਭਾਜਪਾ ਨੂੰ ਓਡੀਸ਼ਾ 'ਚ ਮਜ਼ਬੂਤੀ ਮਿਲਣ ਦੀ ਆਸ ਵਧ ਗਈ ਹੈ। ਦੱਸਣਯੋਗ ਹੈ ਕਿ ਓਡੀਸ਼ਾ 'ਚ ਕਈ ਸਾਲਾਂ ਤੋਂ ਬੀਜਦ ਸੱਤਾਸੀਨ ਹੈ ਪਰ ਇਸ ਵਾਰ ਭਾਜਪਾ ਉੱਥੇ ਪੂਰੀ ਤਿਆਰੀ ਨਾਲ ਉਤਰ ਕੇ ਸਖਤ ਚੁਣੌਤੀ ਬਣ ਰਹੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਗਠਜੋੜ ਨੂੰ ਲੈ ਕੇ ਆਪਣਾ ਨਜ਼ਰੀਆ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਚਾਹੇ ਕੋਈ ਵੀ ਹੋਵੇ, ਜੋ ਓਡੀਸ਼ਾ ਨਾਲ ਉਸ ਦੇ ਵਿਕਾਸ ਲਈ ਖੜ੍ਹਾ ਹੋਵੇਗਾ, ਅਸੀਂ ਉਸ ਨਾਲ ਹਾਂ।