17 ਨਵੰਬਰ ਨੂੰ ਬੰਦ ਹੋਣਗੇ ਬਦਰੀਨਾਥ ਦੇ ਕਿਵਾੜ

Tuesday, Oct 08, 2019 - 03:18 PM (IST)

17 ਨਵੰਬਰ ਨੂੰ ਬੰਦ ਹੋਣਗੇ ਬਦਰੀਨਾਥ ਦੇ ਕਿਵਾੜ

ਗੋਪੇਸ਼ਵਰ— ਉਤਰਾਖੰਡ ਦੇ ਉੱਚ ਹਿਮਾਲਿਆ ਖੇਤਰ 'ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਆਉਣ ਵਾਲੀ 17 ਨਵੰਬਰ ਨੂੰ ਸ਼ਰਧਾਲੂਆਂ ਦੇ ਦਰਸ਼ਨ ਹੇਤੂ ਬੰਦ ਕਰ ਦਿੱਤੇ ਜਾਣਗੇ। ਅੱਜ ਯਾਨੀ ਦੁਸਹਿਰ ਮੌਕੇ ਬਦਰੀਨਾਥ ਧਾਮ 'ਚ ਆਯੋਜਿਤ ਵਿਸ਼ੇਸ਼ ਸਮਾਰੋਹ 'ਚ ਮੰਦਰ ਦੇ ਕਿਵਾੜ ਬੰਦ ਕੀਤੇ ਜਾਣ ਦੀ ਤਾਰੀਕ ਐਲਾਨ ਕੀਤੀ ਗਈ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਬੀ.ਡੀ. ਸਿੰਘ ਨੇ ਦੱਸਿਆ ਕਿ ਦੁਸਹਿਰੇ ਮੌਕੇ ਰਵਾਇਤੀ ਪੂਜਾ ਤੋਂ ਬਾਅਦ ਸਰਦੀਆਂ ਲਈ ਕਿਵਾੜ ਬੰਦ ਕਰਨ ਦਾ ਸ਼ੁੱਭ ਮਹੂਰਤ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੰਦਰ ਦੇ ਕਿਵਾੜ ਐਤਵਾਰ 17 ਨਵੰਬਰ ਦੀ ਸ਼ਾਮ 5.13 ਵਜੇ ਬੰਦ ਹੋਣਗੇ। ਇਸੇ ਤਰ੍ਹਾਂ ਕੇਦਾਰਨਾਥ ਮੰਦਰ ਦੇ ਕਿਵਾੜ 29 ਅਕਤੂਬਰ ਨੂੰ ਭਈਆ ਦੂਜ ਮੌਕੇ ਸਵੇਰੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਣਗੇ।

ਦੱਸਣਯੋਗ ਹੈ ਕਿ ਸਰਦੀਆਂ 'ਚ ਬਰਫ਼ਬਾਰੀ ਅਤੇ ਭਿਆਨਕ ਠੰਡ ਕਾਰਨ ਚਾਰੇ ਧਾਮ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਸਰੀਆਂ ਲਈ ਬੰਦ ਕੀਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ 'ਚ ਮੁੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਂਦੇ ਹਨ। ਇਸ ਸਾਲ 7 ਅਕਤੂਬਰ ਤੱਕ 10 ਲੱਖ 81 ਹਜ਼ਾਰ ਤੋਂ ਵਧ ਤਰੀਥ ਯਾਤਰੀਆਂ ਨੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ। ਬਦਰੀਨਾਥ 'ਚ ਤਾਰੀਕ ਅਤੇ ਮਹੂਰਤ ਕੱਢੇ ਜਾਣ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਪ੍ਰਸਾਦ ਥਪਲਿਆਲ, ਮੰਦਰ ਦੇ ਮੁੱਖ ਪੁਜਾਰੀ ਰਾਵਲ ਈਸ਼ਵਰੀ ਪ੍ਰਸਾਦ ਨੰਬੂਦਰੀ, ਧਰਮ ਅਧਿਕਾਰੀ ਭੁਵਨ ਓਨਿਆਲ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ।


author

DIsha

Content Editor

Related News