ਬਦਰੀਨਾਥ ਧਾਮ ਦੇ ਕਿਵਾੜ ਸ਼ੀਤਕਾਲ ਲਈ ਹੋਏ ਬੰਦ, ਚਾਰਧਾਮ ਯਾਤਰਾ ਹੋਈ ਸਮਾਪਤ
Sunday, Nov 17, 2024 - 10:39 PM (IST)
ਗੋਪੇਸ਼ਵਰ (ਭਾਸ਼ਾ) : ਉੱਤਰਾਖੰਡ ਦੇ ਉੱਚੇ ਹਿਮਾਲੀਅਨ ਖੇਤਰ ਵਿਚ ਸਥਿਤ ਬਦਰੀਨਾਥ ਧਾਮ ਦੇ ਕਿਵਾੜ ਸਰਦੀਆਂ ਦੇ ਮੌਸਮ ਵਿਚ ਐਤਵਾਰ ਨੂੰ ਬੰਦ ਕਰ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਚਾਰਧਾਮ ਯਾਤਰਾ ਵੀ ਸਮਾਪਤ ਹੋ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਰਾਤ 9.07 ਵਜੇ ਬਦਰੀਨਾਥ ਧਾਮ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ ਰਵਾਇਤੀ ਪੂਜਾ ਅਤੇ ਰੀਤੀ-ਰਿਵਾਜਾਂ ਅਨੁਸਾਰ ਬੰਦ ਕਰ ਦਿੱਤੇ ਗਏ। ਇਸ ਦੌਰਾਨ ਫੌਜੀ ਬੈਂਡ ਦੀਆਂ ਧੁਨਾਂ ਅਤੇ ਸ਼ਰਧਾਲੂਆਂ ਦੇ ‘ਜੈ ਬਦਰੀਵਿਸ਼ਾਲ’ ਦੇ ਜੈਕਾਰਿਆਂ ਨਾਲ ਮਾਹੌਲ ਗੂੰਜ ਉੱਠਿਆ। ਕਿਵਾੜ ਬੰਦ ਕਰਨ ਮੌਕੇ ਧਾਮ ਨੂੰ 15 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਦੌਰਾਨ 10 ਹਜ਼ਾਰ ਤੋਂ ਵੱਧ ਸ਼ਰਧਾਲੂ ਸਾਲ ਦੀ ਅੰਤਿਮ ਪੂਜਾ ਦੇ ਦਰਸ਼ਨ ਕਰਨ ਲਈ ਮੰਦਰ ਵਿਚ ਮੌਜੂਦ ਸਨ। ਚਮੋਲੀ ਜ਼ਿਲ੍ਹੇ ਵਿਚ ਸਥਿਤ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਬਦਰੀਨਾਥ ਦੇ ਕਿਵਾੜ ਬੰਦ ਕਰਨ ਲਈ ਸ਼ਾਮ 7.30 ਵਜੇ ਵਿਸ਼ੇਸ਼ ਪੂਜਾ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ : ਸ਼ੋਪੀਆਂ 'ਚ ਅੱਤਵਾਦੀਆਂ ਦੇ ਖ਼ੁਫ਼ੀਆ ਟਿਕਾਣੇ ਨੂੰ ਸੁਰੱਖਿਆ ਬਲਾਂ ਨੇ ਕੀਤਾ ਤਬਾਹ
ਸੂਤਰਾਂ ਅਨੁਸਾਰ ਕਿਵਾੜ ਬੰਦ ਕਰਨ ਸਮੇਂ ਮੰਦਰ ਦੇ ਪੁਜਾਰੀ ਰਾਵਲ ਅਮਰਨਾਥ ਨੰਬੂਦਰੀ ਨੇ ਮਾਨਾ ਪਿੰਡ ਦੀਆਂ ਔਰਤਾਂ ਵੱਲੋਂ ਬਣਾਏ ਘਿਓ ਦੇ ਕੰਬਲ ਨਾਲ ਭਗਵਾਨ ਬਦਰੀਵਿਸ਼ਾਲ ਨੂੰ ਢੱਕ ਦਿੱਤਾ। ਸੂਤਰਾਂ ਨੇ ਦੱਸਿਆ ਕਿ ਭਗਵਾਨ ਨੂੰ ਠੰਡ ਤੋਂ ਬਚਾਉਣ ਲਈ ਸਦੀਆਂ ਤੋਂ ਇਸ ਧਾਰਮਿਕ ਪਰੰਪਰਾ ਦਾ ਪਾਲਣ ਕੀਤਾ ਜਾ ਰਿਹਾ ਹੈ। ਮੰਦਰ ਦੇ ਕਿਵਾੜ ਬੰਦ ਹੋਣ ਤੋਂ ਬਾਅਦ ਹੁਣ ਸੋਮਵਾਰ ਸਵੇਰੇ ਜੋਸ਼ੀਮੱਠ ਦੇ ਨਰਸਿਮ੍ਹਾ ਮੰਦਰ ਲਈ ਦੇਵੀ-ਦੇਵਤੇ ਰਵਾਨਾ ਹੋਣਗੇ, ਜਿੱਥੇ ਸਰਦੀ ਦੇ ਮੌਸਮ ਦੌਰਾਨ ਸ਼ਰਧਾਲੂ ਦਰਸ਼ਨ ਕਰ ਸਕਣਗੇ। ਮੰਦਰ ਕਮੇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਪ੍ਰਸਾਦ ਥਾਪਲਿਆਲ ਨੇ ਦੱਸਿਆ ਕਿ ਇਸ ਸਾਲ 1.25 ਲੱਖ ਤੋਂ ਵੱਧ ਸ਼ਰਧਾਲੂ ਬਦਰੀਨਾਥ ਧਾਮ ਦੇ ਦਰਸ਼ਨ ਕਰਨ ਗਏ ਸਨ।
ਸੂਤਰਾਂ ਨੇ ਦੱਸਿਆ ਕਿ ਇਸ ਸਾਲ ਕਰੀਬ 48 ਲੱਖ ਸ਼ਰਧਾਲੂ ਚਾਰਧਾਮ ਦੇ ਦਰਸ਼ਨਾਂ ਲਈ ਆਏ ਸਨ। ਗੜ੍ਹਵਾਲ ਹਿਮਾਲਿਆ ਦੇ ਚਾਰ ਧਾਮਾਂ ਵਿਚ ਸ਼ਾਮਲ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਦਰਵਾਜ਼ੇ ਸਰਦੀਆਂ ਦੇ ਮੌਸਮ ਲਈ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਸਰਦੀਆਂ ਵਿਚ ਕੜਾਕੇ ਦੀ ਠੰਢ ਅਤੇ ਭਾਰੀ ਬਰਫ਼ਬਾਰੀ ਕਾਰਨ ਅਕਤੂਬਰ ਤੋਂ ਨਵੰਬਰ ਤੱਕ ਇਨ੍ਹਾਂ ਧਾਮਾਂ ਦੇ ਕਿਵਾੜ ਸ਼ਰਧਾਲੂਆਂ ਲਈ ਬੰਦ ਰਹਿੰਦੇ ਹਨ। ਅਗਲੇ ਸਾਲ ਅਪ੍ਰੈਲ-ਮਈ ਵਿਚ ਕਿਵਾੜ ਮੁੜ ਖੋਲ੍ਹੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8