ਆਸਾਮ ਦੇ ਫਲਾਈਓਵਰ ਹੇਠਾਂ ਬਣਾਇਆ ਗਿਆ ''ਬੈਡਮਿੰਟਨ ਕੋਰਟ'', ਬਣਿਆ ਖਿੱਚ ਦਾ ਕੇਂਦਰ
Saturday, Aug 26, 2023 - 05:05 PM (IST)
ਜੋਰਹਾਟ- ਆਸਾਮ ਦੇ ਜੋਰਹਾਟ ਜ਼ਿਲ੍ਹੇ ਵਿਚ ਫਲਾਈਓਵਰ ਦੇ ਹੇਠਾਂ ਇਕ 'ਬੈਡਮਿੰਟਨ ਕੋਰਟ' ਬਣਾਇਆ ਗਿਆ ਹੈ, ਜਿਸ ਨੂੰ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮਨੋਰੰਜਨ ਗਤੀਵਿਧੀਆਂ ਨੂੰ ਹੱਲਾ-ਸ਼ੇਰੀ ਦੇਣ ਵਾਲਾ ਇਕ ਰਚਨਾਤਮਕ ਤਰੀਕਾ ਕਰਾਰ ਦਿੱਤਾ ਹੈ। ਫਲਾਈਓਵਰ ਦੇ ਹੇਠਾਂ ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਜਾਂ ਖਾਲੀ ਪਏ ਰਹਿੰਦੇ ਹਨ।
ਇਹ ਜੋਰਹਾਟ ਦਾ ਪਹਿਲਾ ਫਲਾਈਓਵਰ ਹੈ, ਜਿਸ ਦੇ ਹੇਠਾਂ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ। ਆਸਾਮ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਦਿਗੰਤਾ ਬਰਗੋਹੇਨ ਨੇ ਦੱਸਿਆ ਕਿ ਇਕ ਸਥਾਨਕ ਵਪਾਰੀ ਨੇ ਆਪਣੇ ਪਿਤਾ ਦੀ ਯਾਦ ਵਿਚ ਸ਼ਹਿਰ ਦੇ ਨਾ-ਅਲੀ ਇਲਾਕੇ ਵਿਚ ਫਲਾਈਓਵਰ ਦੇ ਹੇਠਾਂ ਬੁਨਿਆਂਦੀ ਸਹੂਲਤਾਂ ਵਾਲਾ ਬੈਡਮਿੰਟਨ ਕੋਰਟ ਬਣਵਾਇਆ ਹੈ।
ਦਿਗੰਤਾ ਬਰਗੋਹੇਨ ਨੇ ਕਿਹਾ ਕਿ ਬੈਡਮਿੰਟਨ ਕੋਰਟ ਲਈ ਮੈਂਬਰਾਂ ਨੂੰ ਨਿਰਧਾਰਤ ਫੀਸ ਅਦਾ ਕਰਨੀ ਪਵੇਗੀ ਅਤੇ ਇਹ ਜਲਦੀ ਹੀ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ 16 ਅਗਸਤ ਨੂੰ ਫਲਾਈਓਵਰ ਦਾ ਉਦਘਾਟਨ ਕੀਤਾ ਸੀ ਅਤੇ ਇਸ ਦੇ ਹੇਠਾਂ ਬਣਾਏ ਜਾ ਰਹੇ ਬੈਡਮਿੰਟਨ ਕੋਰਟ ਦੀ ਸ਼ਲਾਘਾ ਕੀਤੀ ਸੀ। ਉਸ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ 'ਚ ਕਿਹਾ ਕਿ ਰੇਲਵੇ ਓਵਰਬ੍ਰਿਜ ਦੇ ਹੇਠਾਂ ਵਾਲੀ ਥਾਂ ਨੂੰ ਬੈਡਮਿੰਟਨ ਕੋਰਟ ਵਜੋਂ ਵਰਤਣਾ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਇਕ ਰਚਨਾਤਮਕ ਤਰੀਕਾ ਹੈ। ਅਸੀਂ ਅਜਿਹੀਆਂ ਪਹਿਲਕਦਮੀਆਂ ਨੂੰ ਲੈ ਕੇ ਖੁਸ਼ ਹਾਂ, ਜੋ ਖੇਲੋ ਇੰਡੀਆ ਮੁਹਿੰਮ 'ਚ ਯੋਗਦਾਨ ਪਾਉਂਦੀਆਂ ਹਨ।