ਕੋਰੋਨਾ ਨਾਲ ਠੀਕ ਹੋ ਰਹੇ ਲੋਕਾਂ ਦੇ ਅੰਗਾਂ ''ਤੇ ਪੈ ਰਿਹਾ ਮਾੜਾ ਪ੍ਰਭਾਵ, ਹੋ ਸਕਦੈ ਇਹ ਖ਼ਤਰਾ
Tuesday, Sep 01, 2020 - 01:30 AM (IST)
ਲਖਨਊ : ਮੈਡੀਸਨਲ ਕੈਮਿਸਟਰੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ. ਰਾਮ ਸ਼ੰਕਰ ਉਪਾਧਿਆਏ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਨਾਲ ਠੀਕ ਹੋ ਰਹੇ ਲੋਕਾਂ 'ਚੋਂ ਬਹੁਤਿਆਂ ਦੇ ਦਿਲ, ਫੇਫੜੇ ਅਤੇ ਨਰਵਸ ਸਿਸਟਮ 'ਤੇ ਇਨਫੈਕਸ਼ਨ ਦਾ ਅਸਰ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦੇ ਠੀਕ ਹੋਣ ਤੋਂ ਬਾਅਦ ਵੀ ਸਰੀਰ ਦੇ ਅੰਗਾਂ 'ਤੇ ਕੋਰੋਨਾ ਦਾ ਪ੍ਰਭਾਵ ਦਿਖਾਈ ਦੇਣਾ ਚਿੰਤਾ ਦਾ ਵਿਸ਼ਾ ਹੈ। ਇਸ ਬਾਰੇ ਵੀ ਸੋਚਣਾ ਹੋਵੇਗਾ।
ਪ੍ਰੋ. ਉਪਾਧਿਆਏ ਨੇ ਕਿਹਾ ਕਿ ਦੁਨਿਆਭਰ 'ਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਕਰੋੜਾਂ 'ਚ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ 'ਦਿ ਲੈਂਸੇਟ' 'ਚ ਹਾਲ 'ਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਕੋਰੋਨਾ ਦੇ ਇਲਾਜ ਤੋਂ ਬਾਅਦ 55 ਫੀਸਦੀ ਮਰੀਜ਼ਾਂ 'ਚ ਨਰਵਸ ਸਿਸਟਮ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸੇ ਤਰ੍ਹਾਂ ਜਰਮਨੀ 'ਚ ਹੋਏ ਇੱਕ ਅਧਿਐਨ 'ਚ ਇਨਫੈਕਸ਼ਨ ਤੋਂ ਬਚਣ ਵਾਲੇ 75 ਫੀਸਦੀ ਲੋਕਾਂ ਦੇ ਦਿਲ ਦੀ ਸੰਰਚਨਾ 'ਚ ਬਦਲਾਅ ਨਜ਼ਰ ਆਇਆ।
ਕੋਰੋਨਾ ਦੇ ਅਸਰ ਨੂੰ ਘੱਟ ਕਰਨ 'ਤੇ ਫੋਕਸ
ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹੇ 'ਚ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਇਸ ਦਾ ਸਬੰਧਿਤ ਲੋਕਾਂ 'ਤੇ ਭਵਿੱਖ 'ਚ ਕੀ ਅਸਰ ਹੋਵੇਗਾ। ਇਸ ਦਾ ਅਸਰ ਕਿਵੇਂ ਬੇਅਸਰ ਕੀਤਾ ਜਾਵੇ, ਇਸ 'ਤੇ ਵੀ ਫੋਕਸ ਕਰਨ ਦੀ ਜ਼ਰੂਰਤ ਹੈ। ਨਾਲ ਹੀ ਇਹ ਮੰਨ ਕੇ ਵੀ ਕੰਮ ਕਰਨਾ ਹੋਵੇਗਾ ਕਿ ਕੋਵਿਡ-19 ਅੰਤਿਮ ਨਹੀਂ ਹੈ। ਅੱਗੇ ਵੀ ਅਜਿਹੇ ਹਲਾਤ ਆ ਸਕਦੇ ਹਨ। ਤਿਆਰੀ ਇਸ ਦੇ ਮੱਦੇਨਜ਼ਰ ਵੀ ਹੋਣੀ ਚਾਹੀਦੀ ਹੈ।
ਕੋਰੋਨਾ ਤੋਂ ਬਚਾਅ ਅਤੇ ਇਲਾਜ ਬਾਰੇ ਪੁੱਛਣ 'ਤੇ ਮੈਡੀਸਨਲ ਕੈਮਿਸਟਰੀ ਦੇ ਵਿਗਿਆਨੀ ਨੇ ਕਿਹਾ ਕਿ ਇਸ ਬੀਮਾਰੀ ਲਈ ਵੈਕਸੀਨ ਅਤੇ ਸਪੈਸਿਫਿਕ ਦਵਾਈ ਲਈ ਜੋ ਕੰਮ ਹੋ ਰਿਹਾ ਹੈ ਉਸ ਤੋਂ ਇਲਾਵਾ ਜ਼ਰੂਰਤ ਇਸ ਗੱਲ ਦੀ ਹੈ ਕਿ ਪਹਿਲਾਂ ਤੋਂ ਮੌਜੂਦ ਫਾਰਮੂਲੇਸ਼ਨ ਦੇ ਕਾਂਬਿਨੇਸ਼ਨ ਨਾਲ ਇਨਫੈਕਸ਼ਨ ਰੋਕਣ ਅਤੇ ਇਨਫੈਕਸ਼ਨ ਹੋਣ 'ਤੇ ਪ੍ਰਭਾਵਸ਼ਾਲੀ ਦਵਾਈ ਦੀ ਤਲਾਸ਼ ਨੂੰ ਹੋਰ ਤੇਜ਼ ਕੀਤਾ ਜਾਵੇ।
ਪ੍ਰੋ. ਉਪਾਧਿਆਏ ਨੇ ਦੱਸਿਆ ਕਿ ਹੁਣ ਤੱਕ ਕੈਂਸਰ ਦੀ ਕਰੀਬ 15 ਦਵਾਈ ਅਤੇ ਦਰਜਨ ਭਰ ਐਂਟੀ ਇਨਫਲਾਮੇਟਰੀ ਦਵਾਈਆਂ ਕੋਵਿਡ ਦੇ ਲੱਛਣਾਂ ਦੇ ਇਲਾਜ 'ਚ ਲਾਭਦਾਇਕ ਪਾਈਆਂ ਗਈਆਂ ਹਨ। ਇਸ 'ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।