ਬਾਬਰੀ ਮਸਜਿਦ ਮਾਮਲਾ : ਦੋਸ਼ੀਆਂ ਦੇ ਬਿਆਨ ਦਰਜ ਕਰਨ ਲਈ 4 ਜੂਨ ਦੀ ਤਰੀਕ ਤੈਅ

Thursday, May 28, 2020 - 06:39 PM (IST)

ਬਾਬਰੀ ਮਸਜਿਦ ਮਾਮਲਾ : ਦੋਸ਼ੀਆਂ ਦੇ ਬਿਆਨ ਦਰਜ ਕਰਨ ਲਈ 4 ਜੂਨ ਦੀ ਤਰੀਕ ਤੈਅ

ਲਖਨਊ (ਭਾਸ਼ਾ)— ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅਗਲੀ ਸੁਣਵਾਈ ਲਈ 4 ਜੂਨ ਦੀ ਤਰੀਕ ਤੈਅ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ ਬਿਆਨ ਦਰਜ ਕਰਾਉਣ ਲਈ ਇਸ ਤਰੀਕ ਨੂੰ ਅਦਾਲਤ 'ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਵਿਚ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਅਤੇ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਵਿਨੇ ਕਟਿਆਰ, ਸਾਕਸ਼ੀ ਮਹਾਰਾਜ, ਰਾਮ ਵਿਲਾਸ ਵੇਦਾਂਤੀ ਸਮੇਤ 32 ਲੋਕ ਦੋਸ਼ੀ ਹਨ। ਸੀ. ਬੀ. ਆਈ. ਅਦਾਲਤ ਹੁਣ 4 ਜੂਨ ਨੂੰ ਉਨ੍ਹਾਂ ਦੇ ਬਿਆਨ ਦਰਜ ਕਰੇਗੀ।

ਸੀ. ਬੀ.ਆਈ ਦੇ ਵਕੀਲ ਲਲਿਤ ਸਿੰਘ ਅਤੇ ਆਰ. ਕੇ. ਯਾਦਵ ਨੇ ਦੱਸਿਆ ਕਿ ਅਡਵਾਨੀ, ਜੋਸ਼ੀ ਅਤੇ ਉਮਾ ਭਾਰਤੀ ਨੂੰ ਅਗਲੇ ਆਦੇਸ਼ ਤੱਕ ਅਦਾਲਤ 'ਚ ਹਾਜ਼ਰ ਹੋਣ ਤੋਂ ਛੋਟ ਮਿਲੀ ਸੀ। ਹੋਰ ਦੋਸ਼ੀਆਂ ਨੇ ਵੀਰਵਾਰ ਨੂੰ ਲਾਕਡਾਊਨ ਅਤੇ ਹੋਰ ਮੁਸ਼ਕਲ ਦਾ ਹਵਾਲਾ ਦਿੰਦੇ ਹੋਏ ਹਾਜ਼ਰੀ ਮੁਆਫ਼ੀ ਦੀ ਬੇਨਤੀ ਕੀਤੀ ਪਰ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਨੂੰ ਨਿਰਦੇਸ਼ ਦਿੱਤਾ ਕਿ 4 ਜੂਨ ਨੂੰ ਹਰ ਹਾਲ 'ਚ ਦੋਸ਼ੀਆਂ ਨੂੰ ਅਦਾਲਤ ਵਿਚ ਹਾਜ਼ਰ ਕੀਤਾ ਜਾਵੇ।

ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜਸਟਿਸ ਐੱਸ. ਕੇ. ਯਾਦਵ ਦੀ ਅਦਾਲਤ ਵਿਚ ਸੀ. ਬੀ. ਆਈ. ਨੇ ਆਪਣੇ ਸਬੂਤ ਪੇਸ਼ ਕਰਨ ਦਾ ਕੰਮ ਬੀਤੀ 6 ਮਾਰਚ ਨੂੰ ਪੂਰਾ ਕਰ ਲਿਆ ਸੀ। ਉਸ ਤੋਂ ਬਾਅਦ ਅਦਾਲਤ ਨੇ ਸਾਰੇ 32 ਦੋਸ਼ੀਆਂ ਦੇ ਬਿਆਨ ਦਰਜ ਕਰਨ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ 6 ਦਸੰਬਰ 1992 ਨੂੰ ਅਯੁੱਧਿਆ 'ਚ ਬਾਬਰੀ ਮਸਜਿਦ ਨੂੰ ਭੀੜ ਨੇ ਢਾਹ ਦਿੱਤਾ ਸੀ। ਇਸ ਮਾਮਲੇ ਵਿਚ ਕਈ ਮੁਕੱਦਮੇ ਦਰਜ ਕਰਵਾਏ ਗਏ ਸਨ। ਮਾਮਲਾ ਸੀ. ਬੀ. ਆਈ. ਨੂੰ ਸੌਂਪੇ ਜਾਣ 'ਤੇ ਉਸ ਨੇ ਜਾਂਚ ਤੋਂ ਬਾਅਦ 49 ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਸੀ, ਜਿਨ੍ਹਾਂ 'ਚੋਂ 17 ਦੀ ਮੌਤ ਹੋ ਚੁੱਕੀ ਹੈ।


author

Tanu

Content Editor

Related News