ਦੰਗਲ ਗਰਲ ਬਬੀਤਾ ਫੌਗਾਟ ਨੇ ਖੇਡ ਮਹਿਕਮੇ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਦਿੱਤਾ ਅਸਤੀਫਾ
Wednesday, Oct 07, 2020 - 04:02 PM (IST)
ਭਿਵਾਨੀ (ਭਾਸ਼ਾ) : ਅੰਤਰਰਾਸ਼ਟਰੀ ਪਹਿਲਵਾਨ ਬੀਬੀ ਬਬੀਤਾ ਫੋਗਾਟ ਨੇ ਸਰਗਰਮ ਰਾਜਨੀਤੀ ਲਈ ਬੁੱਧਵਾਰ ਨੂੰ ਹਰਿਆਣਾ ਖੇਡ ਵਿਭਾਗ ਦੇ ਉਪ-ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਧਾਨ ਸਭਾ ਚੋਣਾਂ ਵਿਚ ਦਾਦਰੀ ਵਿਧਾਨਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਰਹਿ ਚੁਕੀ ਬਬੀਤਾ ਨੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨੂੰ ਆਪਣਾ ਅਸਤੀਫਾ ਭੇਜਿਆ ਹੈ, ਉਨ੍ਹਾਂ ਦੇ ਚਚੇਰੇ ਭਰਾ ਰਾਹੁਲ ਫੋਗਾਟ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਸ ਪਹਿਲਵਾਨ ਨੇ ਸਰਗਰਮ ਰਾਜਨੀਤੀ ਲਈ ਅਸਤੀਫਾ ਦਿੱਤਾ ਹੈ।
ਰਾਹੁਲ ਨੇ ਕਿਹਾ, 'ਖੇਡ ਵਿਭਾਗ ਵਿਚ ਰੁੱਝੇ ਹੋਣ ਕਾਰਨ ਬਬੀਤਾ ਕੋਲ ਰਾਜਨੀਤੀ ਲਈ ਘੱਟ ਸਮਾਂ ਰਹਿੰਦਾ ਸੀ। ਉਹ ਹੁਣ ਪ੍ਰਦੇਸ਼ ਦੀ ਰਾਜਨੀਤੀ ਵਿਚ ਪੂਰੀ ਤਰ੍ਹਾਂ ਸਰਗਰਮ ਹੋਣਾ ਚਾਹੁੰਦੀ ਹੈ, ਜਿਸ ਲਈ ਪ੍ਰਧਾਨ ਸਕੱਤਰ ਨੂੰ ਅਸਤੀਫਾ ਭੇਜਿਆ ਗਿਆ ਹੈ।' ਬਬੀਤਾ ਨੇ 2018 ਵਿਚ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ, 2010 ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਅਤੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ। ਉਨ੍ਹਾਂ ਦੇ ਪਿਤਾ ਅਤੇ ਕੋਚ ਮਹਾਵੀਰ ਫੋਗਾਟ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬਬੀਤਾ 2019 ਵਿਚ ਦਾਦਰੀ ਵਿਧਾਨਸਭਾ ਖੇਤਰ ਤੋਂ ਭਾਜਪਾ ਦੀ ਉਮੀਦਵਾਰ ਰਹਿ ਚੁੱਕੀ ਹੈ।