ਵਿਵਾਦਿਤ ਦਵਾਈ 'ਕੋਰੋਨਿਲ' ਨੂੰ ਲੈ ਕੇ ਬਾਬਾ ਰਾਮਦੇਵ ਨੇ ਕੀਤਾ ਵੱਡਾ ਦਾਅਵਾ

08/06/2020 3:13:14 PM

ਨਵੀਂ ਦਿੱਲੀ (ਭਾਸ਼ਾ) : ਵਿਵਾਦਿਤ ਦਵਾਈ 'ਕੋਰੋਨਿਲ' ਨੂੰ ਲੈ ਕੇ ਬਾਬਾ ਯੋਗ ਗੁਰੂ ਰਾਮਦੇਵ ਨੇ ਵੱਡਾ ਦਾਅਵਾ ਕੀਤਾ ਹੈ। ਬਾਬਾ ਰਾਮਦੇਵ ਮੁਤਾਬਕ ਪਤੰਜਲੀ ਆਯੁਰਵੇਦ ਨੂੰ ਕੋਵਿਡ-19 ਨਾਲ ਲੜਨ ਲਈ ਇਮਿਊਨਿਟੀ ਵਧਾਉਣ ਵਾਲੀ ਵਿਵਾਦਿਤ ਦਵਾਈ 'ਕੋਰੋਨਿਲ' ਲਈ ਹਰ ਦਿਨ 10 ਲੱਖ ਪੈਕੇਟ ਦੀ ਮੰਗ ਮਿਲ ਰਹੀ ਹੈ। ਰਾਮਦੇਵ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਦੁਆਰ ਸਥਿਤ ਇਹ ਕੰਪਨੀ ਮੰਗ ਨੂੰ ਪੂਰਾ ਕਰਣ ਲਈ ਜੂਝ ਰਹੀ ਹੈ, ਕਿਉਂਕਿ ਫਿਲਹਾਲ ਉਹ ਹਰ ਦਿਨ ਸਿਰਫ਼ 1 ਲੱਖ ਪੈਕੇਟ ਦੀ ਸਪਲਾਈ ਕਰ ਪਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, 'ਅੱਜ ਸਾਡੇ ਕੋਲ ਰੋਜ਼ਾਨਾ ਕੋਰੋਨਿਲ ਦੇ 10 ਲੱਖ ਪੈਕੇਟ ਦੀ ਮੰਗ ਹੈ ਅਤੇ ਅਸੀਂ ਸਿਰਫ਼ 1 ਲੱਖ ਦੀ ਸਪਲਾਈ ਕਰ ਪਾ ਰਹੇ ਹਾਂ।' ਰਾਮਦੇਵ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਨੇ ਇਸ ਦੀ ਕੀਮਤ ਸਿਰਫ਼ 500 ਰੁਪਏ ਰੱਖੀ ਸੀ। ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰ ਵਿਚ ਜੇਕਰ ਅਸੀਂ ਇਸ ਦੀ ਜ਼ਿਆਦਾ ਕੀਮਤ, ਇੱਥੇ ਤੱਕ ਕਿ 5000 ਰੁਪਏ ਲਗਾਈ ਹੁੰਦੀ ਤਾਂ ਵੀ ਅਸੀਂ ਆਸਾਨੀ ਨਾਲ 5,000 ਕਰੋੜ ਰੁਪਏ ਤੱਕ ਕਮਾ ਸਕਦੇ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ।'

ਇਹ ਵੀ ਪੜ੍ਹੋ: ਚੀਨ 'ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ, ਹੁਣ ਤੱਕ 7 ਲੋਕਾਂ ਦੀ ਮੌਤ

ਰਾਮਦੇਵ ਉਦਯੋਗ ਸੰਸਥਾ ਐਸੋਚੈਨ ਵੱਲੋਂ ਆਯੋਜਿਤ ਪ੍ਰੋਗਰਾਮ 'ਆਤਮ ਨਿਰਭਰ ਭਾਰਤ- ਵੋਕਲ ਫਾਰ ਲੋਕਲ' ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਜੂਨ ਵਿਚ ਰਾਮਦੇਵ ਨੇ ਦਾਅਵਾ ਕੀਤਾ ਸੀ ਕਿ ਕੋਰੋਨਿਲ ਕੋਵਿਡ-19 ਰੋਗੀਆਂ ਨੂੰ ਠੀਕ ਕਰ ਸਕਦਾ ਹੈ। ਹਾਲਾਂਕਿ ਆਯੁਸ਼ ਮੰਤਰਾਲਾ ਨੇ ਤੁਰੰਤ ਇਸ ਨੂੰ ਵੇਚਣ 'ਤੇ ਰੋਕ ਲਗਾ ਦਿੱਤੀ ਅਤੇ ਬਾਅਦ ਵਿਚ ਕੇਂਦਰੀ ਮੰਤਰਾਲਾ ਨੇ ਕਿਹਾ ਕਿ ਪਤੰਜਲੀ ਇਸ ਉਤਪਾਦ ਨੂੰ ਸਿਰਫ਼ ਇਮਿਊਨਿਟੀ ਵਧਾਉਣ ਦੀ ਦਵਾਈ ਵਜੋਂ ਵੇਚ ਸਕਦੀ ਹੈ ਅਤੇ ਕੋਵਿਡ-19 ਦੇ ਇਲਾਜ ਦੇ ਰੂਪ ਵਿਚ ਇਸ ਨੂੰ ਨਹੀਂ ਵੇਚਿਆ ਜਾ ਸਕਦਾ। ਉਨ੍ਹਾਂ ਕਿਹਾ, 'ਅਸੀਂ ਆਪਣੇ ਗਾਂ ਦੇ ਘਿਓ ਨੂੰ 1300-1400 ਕਰੋੜ ਰੁਪਏ ਦਾ ਸਾਲਾਨਾ ਬਰਾਂਡ ਬਣਾਇਆ ਹੈ।' ਪਤੰਜਲੀ ਸਮੂਹ ਦਾ ਅਨੁਮਾਨਿਤ ਕਾਰੋਬਾਰ ਲਗਭਗ 10,500 ਕਰੋੜ ਹੈ।  

ਇਹ ਵੀ ਪੜ੍ਹੋ: RBI ਦਾ ਆਮ ਆਦਮੀ ਨੂੰ ਤੋਹਫ਼ਾ, ਹੁਣ ਸੋਨੇ ਦੇ ਗਹਿਣਿਆਂ 'ਤੇ ਮਿਲੇਗਾ ਜ਼ਿਆਦਾ ਲੋਨ, ਬਦਲਿਆ ਇਹ ਨਿਯਮ


cherry

Content Editor

Related News